ਲੰਗਰ ਤੋਂ ਸੇਵਾ ਕਰ ਕੇ ਘਰ ਪਰਤ ਰਹੇ ਬਜ਼ੁਰਗ ਜੋੜੇ ’ਤੇ ਚਲਾਈਆਂ ਗੋਲੀਆਂ

ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

ਬਟਾਲਾ : ਪਿੰਡ ਸਰਵਾਲੀ ਦੇ ਬਾਹਰ ਡੇਰਾ ਬਾਬਾ ਨਾਨਕ ਮੁੱਖ ਮਾਰਗ ’ਤੇ ਲੱਗੇ ਲੰਗਰ ਤੋਂ ਸੇਵਾ ਕਰ ਕੇ ਘਰ ਵਾਪਸ ਪਰਤ ਰਹੇ ਬਜ਼ੁਰਗ ਜੋੜੇ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਬਟਾਲਾ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਪਤੀ ਦੀ ਮੌਤ ਅਤੇ ਪਤਨੀ ਗੰਭੀਰ ਜ਼ਖਮੀ ਹੋ ਗਈ।
ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕਿਲਾ ਲਾਲ ਸਿੰਘ ਅਧੀਨ ਆਉਂਦੇ ਪਿੰਡ ਸਰਵਾਲੀ ਦੇ ਮੋੜ ’ਤੇ ਮੇਲਾ ਚੋਲਾ ਸਾਹਿਬ ਦੇ ਸਬੰਧ ’ਚ ਲੰਗਰ ਚੱਲ ਰਿਹਾ ਹੈ ਅਤੇ ਇਸ ਲੰਗਰ ’ਚ ਸਰਵਾਲੀ ਦਾ ਹੀ ਰਹਿਣ ਵਾਲਾ ਬਜ਼ੁਰਗ ਸੋਹਣ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਸ਼ਨੀਵਾਰ ਦੀ ਦੇਰ ਰਾਤ ਲੰਗਰ ਦੀ ਸੇਵਾ ਕਰਨ ਉਪਰੰਤ ਜਦ ਘਰ ਜਾ ਰਹੇ ਸੀ ਤਾਂ ਉਨ੍ਹਾਂ ’ਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ।
ਇਸ ਦੌਰਾਨ ਸੋਹਣ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਗੰਭੀਰ ਜ਼ਖਮੀ ਹੋ ਗਏ, ਜਿਸਦੇ ਤੁਰੰਤ ਬਾਅਦ ਖੂਨ ਨਾਲ ਲੱਥਪੱਥ ਹੋਏ ਦੋਹਾਂ ਨੂੰ ਜਦ ਬਟਾਲਾ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਤਾਂ ਉਥੇ ਸੋਹਣ ਸਿੰਘ ਦੀ ਮੌਤ ਹੋ ਗਈ। ਜਦਕਿ ਬਜ਼ੁਰਗ ਔਰਤ ਪਰਮਿੰਦਰ ਕੌਰ ਵੀ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
ਥਾਣਾ ਕਿਲਾ ਲਾਲ ਸਿੰਘ ਦੇ ਐੱਸ. ਐੱਚ. ਓ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜ਼ਖਮੀ ਬਜ਼ੁਰਗ ਮਾਤਾ ਪਰਮਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *