ਲੋਹੜੀ ਮੌਕੇ ਪਤੰਗਬਾਜ਼ੀ ਦੇਖ ਰਹੀ 11 ਸਾਲਾ ਬੱਚੀ ਦੇ ਸਿਰ ’ਚ ਲੱਗੀ ਗੋਲੀ

ਪੁਲਸ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ

ਲੁਧਿਆਣਾ- ਲੋਹੜੀ ਦੇ ਦਿਨ ਛੱਤ ’ਤੇ ਪਤੰਗਬਾਜ਼ੀ ਦੇਖ ਰਹੀ 11 ਸਾਲ ਦੀ ਬੱਚੀ ਦੇ ਸਿਰ ਗੋਲੀ। ਮਾਤਾ-ਪਿਤਾ ਬੱਚੀ ਨੂੰ ਲੈ ਕੇ ਤੁਰੰਤ ਹਸਪਤਾਲ ਪੁੱਜੇ, ਜਿਥੇ ਬੱਚੀ ਦੇ ਸਿਰ ’ਚ ਲੱਗੀ ਗੋਲੀ ਦੇਖ ਕੇ ਹੈਰਾਨ ਰਹਿ ਗਏ। ਡਾਕਟਰ ਨੇ ਸਥਿਤੀ ਅਤੇ ਬੱਚੀ ਦੀ ਜਾਨ ਜ਼ੋਖਮ ’ਚ ਦੇਖਦੇ ਹੋਏ ਸਭ ਤੋਂ ਪਹਿਲਾਂ ਗੋਲੀ ਕੱਢੀ ਅਤੇ ਫਿਰ ਬੱਚੀ ਨੂੰ ਸਿਵਲ ਹਸਪਤਾਲ ਰੈਫਰ ਕੀਤਾ, ਜਿਥੇ ਬੱਚੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਏ. ਸੀ. ਪੀ. ਨਾਰਥ ਦਵਿੰਦਰ ਚੌਧਰੀ, ਥਾਣਾ ਬਸਤੀ ਜੋਧੇਵਾਲ ਅਤੇ ਥਾਣਾ ਦਰੇਸੀ ਦੀ ਪੁਲਸ ਘਟਨਾ ਸਥਾਨ ’ਤੇ ਪੁੱਜੀ।

ਜਾਣਕਾਰੀ ਅਨੁਸਾਰ ਲਗਭਗ ਸਵਾ 1 ਵਜੇ ਨਿਊ ਮਾਧੋਪੁਰੀ ਗਲੀ ਨੰ. 3 ਸਥਿਤ ਇਲਾਕੇ ’ਚ 11 ਸਾਲਾ ਆਸ਼ਿਆਨਾ ਆਪਣੇ ਮਾਤਾ-ਪਿਤਾ ਦੇ ਨਾਲ ਛੱਤ ’ਤੇ ਪਤੰਗਬਾਜ਼ੀ ਦੇਖ ਰਹੀ ਸੀ। ਅਚਾਨਕ ਇਕ ਗੋਲੀ ਆਸ਼ਿਆਨਾ ਦੇ ਸਿਰ ’ਚ ਆ ਲੱਗੀ,  ਜਿਸ ਤੋਂ ਬਾਅਦ 2 ਇੰਚ ਡੂੰਘਾ ਜ਼ਖਮ ਹੋਣ ਕਾਰਨ ਆਸ਼ਿਆਨਾ ਦੇ ਸਿਰ ’ਚੋਂ ਖੂਨ ਵਹਿਣ ਲੱਗਾ। ਮਾਤਾ-ਪਿਤਾ ਆਸ਼ਿਆਨਾ ਨੂੰ ਲੈ ਕੇ ਹਸਪਤਾਲ ਪੁੱਜੇ, ਜਿਸ ’ਤੇ ਡਾਕਟਰ ਨੇ ਬੱਚੀ ਦੇ ਸਿਰ ’ਚੋਂ ਗੋਲੀ ਕੱਢੀ ਕੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ।

ਇਸ ਸਬੰਧੀ ਏ. ਸੀ. ਪੀ. ਨਾਰਥ ਦਵਿੰਦਰ ਚੌਧਰੀ ਨੇ ਦੱਸਿਆ ਕਿ ਆਸ਼ਿਆਨਾ ਨਾਂ ਦੀ ਬੱਚੀ ਦੇ ਸਿਰ ’ਚ ਗੋਲੀ ਲੱਗੀ ਹੈ। ਕਿਸੇ ਅਣਪਛਾਤੇ ਨੇ ਹਵਾਈ ਫਾਇਰ ਕੀਤਾ ਹੋਵੇਗਾ। 32 ਬੋਰ ਦੀ ਪਿਸਟਲ ’ਚੋਂ ਫਾਇਰ ਹੋਇਆ ਹੈ। ਗੋਲੀ ਹਵਾ ’ਚ 30-40 ਫੁੱਟ ਉੱਪਰ ਗਈ ਅਤੇ ਉਸ ਤੋਂ ਬਾਅਦ ਉੱਪਰੋਂ ਹੇਠਾਂ ਵੱਲ ਆਉਂਦੇ ਹੋਏ ਲੜਕੀ ਦੇ ਸਿਰ ’ਚ ਜਾ ਧੱਸੀ।

ਪੁਲਸ ਨੇ ਇਲਾਕੇ ’ਚ ਨੇੜੇ ਦੀ ਛੱਤ ’ਤੇ ਫਾਇਰਿੰਗ ਕਰਨ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ। ਥਾਣਾ ਦਰੇਸੀ ਦੇ ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਨੌਜਵਾਨ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਘਟਨਾ ਸਥਾਨ ਕੋਲ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।

Leave a Reply

Your email address will not be published. Required fields are marked *