ਪ੍ਰਿੰ. ਇੰਦਰਜੀਤ ਕੌਰ ਦੇ ਸਿਰ ’ਤੇ ਸਜਿਆ ਮੇਅਰ ਦਾ ਤਾਜ
ਰਾਕੇਸ਼ ਪਰਾਸ਼ਰ ਸੀਨੀਅਰ ਡਿਪਟੀ ਮੇਅਰ ਤੇ ਪ੍ਰਿੰਸ ਜੌਹਰ ਬਣੇ ਡਿਪਟੀ ਮੇਅਰ
ਲੁਧਿਆਣਾ : ਪਟਿਆਲਾ ਅਤੇ ਜਲੰਧਰ ਤੋਂ ਬਾਅਦ ਲੁਧਿਆਣਾ ਨਗਰ ਨਿਗਮ ’ਤੇ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ, ਜਿਸ ਦੇ ਤਹਿਤ ਮੇਅਰ ਦਾ ਤਾਜ ਇੰਦਰਜੀਤ ਕੌਰ ਦੇ ਸਿਰ ’ਤੇ ਸਜਿਆ ਹੈ ਅਤੇ ‘ਆਪ’ ਦੇ ਹੀ ਕੌਂਸਲਰ ਰਾਕੇਸ਼ ਪਰਾਸ਼ਰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੌਹਰ ਡਿਪਟੀ ਮੇਅਰ ਬਣਾਏ ਗਏ ਹਨ।
ਇਹ ਨਿਯੁਕਤੀਅਾਂ ਸੋਮਵਾਰ ਨੂੰ ਗੁਰੂ ਨਾਨਕ ਭਵਨ ’ਚ ਆਯੋਜਿਤ ਸਮਾਰੋਹ ਦੌਰਾਨ ਡਵੀਜ਼ਨਲ ਕਮਿਸ਼ਨਰ ਡੀ. ਐੱਸ. ਮਾਂਗਟ ਵੱਲੋਂ ਨਵੇਂ ਚੁਣੇ ਗਏ 95 ਕੌਂਸਲਰਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਕੀਤੀਅਾਂ ਗਈਅਾਂ।
ਇੰਦਰਜੀਤ ਕੌਰ ਲੁਧਿਆਣਾ ਦੀ 7ਵੀਂ ਮੇਅਰ ਹੋਵੇਗੀ। ਇਹ ਪਹਿਲਾ ਮੌਕਾ ਹੈ, ਜਦ ਕਿਸੇ ਔਰਤ ਨੂੰ ਮੇਅਰ ਅਹੁਦੇ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਇਸ ਦੇ ਲਈ ਪੰਜਾਬ ਸਰਕਾਰ ਵਲੋਂ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਲੁਧਿਆਣਾ ਦੇ ਮੇਅਰ ਦਾ ਆਹੁਦਾ ਔਰਤ ਲਈ ਪਹਿਲਾਂ ਹੀ ਰਾਖਵਾਂ ਕਰ ਦਿੱਤਾ ਗਿਆ ਸੀ।
ਭਾਵੇਂ ਇਸ ਸਬੰਧ ਵਿਚ ਸੀ. ਐੱਮ. ਭਗਵੰਤ ਸਿੰਘ ਮਾਨ ਵੱਲੋਂ ਪ੍ਰੋਗਰਾਮ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਐਲਾਨ ਕਰ ਦਿੱਤਾ ਗਿਆ ਸੀ, ਜਦਕਿ ਨਵੇਂ ਚੁਣੇ ਗਏ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੀ ਤਾਜਪੋਸ਼ੀ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਮਦਨ ਲਾਲ ਬੱਗਾ, ਪੱਪੀ ਪਰਾਸ਼ਰ, ਕੁਲਵੰਤ ਸਿੱਧੂ, ਭੋਲਾ ਗਰੇਵਾਲ, ਰਜਿੰਦਰਪਾਲ ਕੌਰ ਛੀਨਾ ਆਦਿ ਮੌਜੂਦ ਰਹੇ।
