5 ਲੋਕਾਂ ਖਿਲਾਫ ਕੇਸ ਦਰਜ
ਬਟਾਲਾ :- ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਰੋੜੇਵਾਲੀ ਵਿਖੇ ਰੰਜਿਸ਼ ਤਹਿਤ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਪੁਲਿਸ ਚੌਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਨੰਦ ਲਾਲ ਨੇ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੋੜੇਵਾਲੀ ਦਾ ਕਰੀਬ 7-8 ਮਹੀਨੇ ਪਹਿਲਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਝਗੜਾ ਹੋਇਆ ਸੀ, ਜਿਸ ਦਾ ਪੰਚਾਇਤ ਵੱਲੋਂ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਮਲਕੀਤ ਸਿੰਘ ਆਪਣੀ ਪਿੰਡ ਝੰਗੀ ਪੰਨਵਾਂ ਵਿਖੇ ਸਥਿਤ ਟੀ. ਵੀ. ਰਿਪੇਅਰ ਦੀ ਦੁਕਾਨ ਨੂੰ ਬੰਦ ਕਰ ਕੇ ਘਰ ਵਾਪਸ ਪਰਤ ਰਿਹਾ ਸੀ। ਜਦੋਂ ਇਹ ਪਿੰਡ ਨੇੜੇ ਪਹੁੰਚਿਆ ਤਾਂ ਪਿੰਡ ਦੇ ਹੀ ਸਬੰਧਤ ਵਿਅਕਤੀਆਂ ਨੇ ਇਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਇਸ ਦਾ ਕਤਲ ਕਰ ਦਿੱਤਾ।
ਉਕਤ ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਥਾਣਾ ਡੇਰਾ ਬਾਬਾ ਨਾਨਕ ਵਿਖੇ 5 ਵਿਅਕਤੀਆਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।

