ਰੇਲ ਗੱਡੀ ਵਿਚ ਸੀਟ ਦੇ ਹੇਠਾਂ ਬੋਰੀਆਂ ਵਿਚੋਂ ਮਿਲੀ ਇਕ ਕਰੋੜ ਦੀ ਚਾਂਦੀ

ਨਾਗਪੁਰ ਤੋਂ ਆਗਰਾ ਲਿਜਾ ਰਿਹਾ ਸੀ ਨੌਜਵਾਨ, ਗ੍ਰਿਫਤਾਰ

ਝਾਂਸੀ – ਉੱਤਰ ਪ੍ਰਦੇਸ਼ ਦੇ ਝਾਂਸੀ ਰੇਲਵੇ ਸਟੇਸ਼ਨ ’ਤੇ ਸਮਤਾ ਐਕਸਪ੍ਰੈੱਸ ਦੇ ਜਨਰਲ ਕੋਚ ਦੀ ਤਲਾਸ਼ੀ ਦੌਰਾਨ ਸੀਟ ਦੇ ਹੇਠਾਂ ਬੋਰੀਆਂ ਵਿਚ 90 ਕਿਲੋ ਚਾਂਦੀ ਮਿਲੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਚਾਂਦੀ ਨੂੰ ਨਾਗਪੁਰ ਤੋਂ ਆਗਰਾ ਲਿਜਾਇਆ ਜਾ ਰਿਹਾ ਸੀ। ਇਸ ਦੀ ਅੰਦਾਜ਼ਨ ਕੀਮਤ ਇਕ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਨਾਗਪੁਰ ਤੋਂ ਨਿਜ਼ਾਮੁਦੀਨ ਜਾ ਰਹੀ ਸਮਤਾ ਐਕਸਪ੍ਰੈਸ ਬੀਤੇ ਦਿਨ ਸਵੇਰੇ 11 ਵਜੇ ਝਾਂਸੀ ਪਹੁੰਚੀ। ਜੀ. ਆਰ. ਪੀ. ਅਤੇ ਆਰ. ਪੀ. ਐੱਫ਼. ਨੇ ਸਾਂਝੇ ਤੌਰ ’ਤੇ ਜਨਰਲ ਕੋਚ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਕਾਰਵਾਈ ਦੌਰਾਨ ਇਕ ਜਨਰਲ ਕੋਚ ਵਿਚ ਇਕ ਸੀਟ ਦੇ ਹੇਠਾਂ ਸ਼ੱਕੀ ਢੰਗ ਨਾਲ ਰੱਖੇ 2 ਬੋਰੀਆਂ ਅਤੇ ਇਕ ਬੈਗ ਮਿਲਿਆ। ਜਦੋਂ ਬੋਰੀਆਂ ਖੋਲ੍ਹੀਆਂ ਤਾਂ ਸੁਰੱਖਿਆ ਬਲ ਹੈਰਾਨ ਰਹਿ ਗਏ। ਬੋਰੀਆਂ ਵਿਚ ਗੱਤੇ ਡੱਬਿਆਂ ਦੇ ਅੰਦਰ ਚਾਂਦੀ ਦੀਆਂ 90 ਸਲੈਬਾਂ ਰੱਖੀਆਂ ਹੋਈਆਂ ਸਨ। ਬੈਗ ਵਿਚ ਵੱਡੀ ਮਾਤਰਾ ਵਿਚ ਗਿੱਟੇ ਵੀ ਰੱਖੇ ਸਨ। ਕੋਲ ਬੈਠੇ ਇਕ ਨੌਜਵਾਨ ਤੋਂ ਇਸ ਸਬੰਧੀ ਦਸਤਾਵੇਜ਼ ਮੰਗੇ ਗਏ ਪਰ ਉਹ ਦਿਖਾ ਨਹੀਂ ਸਕਿਆ।

ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਮਦ ਹੋਈ ਚਾਂਦੀ ਦੀ ਕੀਮਤ 1 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਜਦੋਂ ਜੀ. ਆਰ. ਪੀ. ਥਾਣਾ ਇੰਚਾਰਜ ਯੋਗਿੰਦਰ ਪ੍ਰਤਾਪ ਸਿੰਘ ਅਤੇ ਆਰ. ਪੀ. ਐੱਫ. ਥਾਣਾ ਇੰਚਾਰਜ ਰਵਿੰਦਰ ਕੁਮਾਰ ਕੌਸ਼ਿਕ ਨੇ ਕਮਰਸ਼ੀਅਲ ਟੈਕਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਚਾਂਦੀ ਦਾ ਤੋਲ ਕੀਤਾ ਤਾਂ ਬੋਰੀਆਂ ਵਿਚੋਂ 90 ਕਿਲੋ 500 ਗ੍ਰਾਮ ਚਾਂਦੀ ਨਿਕਲੀ। ਬੈਗ ਵਿਚ 5 ਕਿੱਲੋ ਵਜ਼ਨ ਦੇ ਚਾਂਦੀ ਦੇ ਗਿੱਟੇ ਸਨ। ਕੁਝ ਰਸੀਦਾਂ ਵੀ ਮਿਲੀਆਂ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੜੇ ਗਏ ਨੌਜਵਾਨ ਰਾਹੁਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਾਗਪੁਰ ਤੋਂ ਚਾਂਦੀ ਲੈ ਕੇ ਆਗਰਾ ਜਾ ਰਿਹਾ ਸੀ।

Leave a Reply

Your email address will not be published. Required fields are marked *