ਪੰਜਾਬ ਰਾਜ ਭਵਨ ਵੱਲੋਂ ਸਿੱਖਿਆ ਸ਼ਾਸਤਰੀਆਂ, ਉਦਯੋਗਪਤੀਆਂ, ਕਿਸਾਨਾਂ, ਸਮਾਜ ਸੇਵਕਾਂ ਅਤੇ ਲੇਖਕਾਂ ਦੇ ਸਹਿਯੋਗ ਨਾਲ ਸਮਾਗਮ
ਪੰਜਾਬ ’ਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਸਮੂਹ ਭਾਈਵਾਲਾਂ ਵੱਲੋਂ ਬਿਹਤਰ ਤਾਲਮੇਲ ਜ਼ਰੀਏ ਮਿਲ ਕੇ ਹੰਭਲਾ ਮਾਰਨ ਦੀ ਵਕਾਲਤ
ਚੰਡੀਗੜ੍ਹ : ਪੰਜਾਬ ਰਾਜ ਭਵਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਅੱਜ ਇਥੇ ਮਹੱਤਵਪੂਰਨ ਸਮਾਗਮ ਕਰਵਾਇਆ ਗਿਆ, ਜਿਸ ’ਚ ਧਰਮ ਗੁਰੂਆਂ, ਸਿੱਖਿਆ ਸ਼ਾਸਤਰੀਆਂ, ਉਦਯੋਗਪਤੀਆਂ, ਖੇਤੀਬਾੜੀ ਮਾਹਿਰਾਂ, ਅਗਾਂਹ-ਵਧੂ ਕਿਸਾਨਾਂ, ਵਿਗਿਆਨੀਆਂ, ਸਾਬਕਾ ਖਿਡਾਰੀਆਂ, ਸੀਨੀਅਰ ਵਕੀਲਾਂ, ਕਲਾਕਾਰਾਂ, ਲੋਕ ਗਾਇਕਾਂ, ਲੇਖਕਾਂ, ਡਾਕਟਰਾਂ ਅਤੇ ਸਮਾਜਿਕ ਕਾਰਕੁਨਾਂ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਤ ਉੱਘੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।

ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤੀ, ਜਿਨ੍ਹਾਂ ਨੇ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਤੰਦਰੁਸਤੀ ਲਈ ਨਸ਼ਿਆਂ ਦੀ ਲਾਹਨਤ ਵਿਰੁੱਧ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਰਾਜਪਾਲ ਕਟਾਰੀਆ ਨੇ ਨਸ਼ਿਆਂ ਦੇ ਵਧ ਰਹੇ ਖਤਰੇ, ਖਾਸ ਕਰ ਕੇ ਸਿੰਥੈਟਿਕ ਨਸ਼ਿਆਂ ਦੀ ਵਧ ਰਹੀ ਵਰਤੋਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ, ਜਿਨ੍ਹਾਂ ਕਰ ਕੇ ਨੌਜਵਾਨਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਰ ਰਿਹਾ ਹੈ।
ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਸ਼ਿਆਂ ਦਾ ਸੇਵਨ, ਜੋ ਕਿਸੇ ਸਮੇਂ ਸਮਾਜਿਕ ਤੌਰ ’ਤੇ ਸਵੀਕਾਰ ਯੋਗ ਨਹੀਂ ਸੀ, ਇਸ ਵੇਲੇ ਸਮਾਜ ਵਿਰੋਧੀ ਤੱਤਾਂ ਦੁਆਰਾ ਚਲਾਏ ਜਾ ਰਹੇ ਇਕ ਵੱਡੇ ਅੰਤਰਰਾਸ਼ਟਰੀ ਵਪਾਰ ’ਚ ਬਦਲ ਗਿਆ ਹੈ, ਜਿਨ੍ਹਾਂ ਨੇ ਪੈਸਿਆਂ ਦੇ ਲਾਲਚ ਪਿਛੇ ਅੱਜ ਦੀ ਜਵਾਨੀ ਨੂੰ ਬਰਬਾਦੀ ਦੀ ਦਲਦਲ ਵੱਲ ਧੱਕ ਦਿੱਤਾ ਹੈ।

ਰਾਜਪਾਲ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ ਪੰਜਾਬ ਤੱਕ ਸੀਮਤ ਨਹੀਂ ਹੈ, ਸਗੋਂ ਇਕ ਕੌਮੀ ਸੰਕਟ ਬਣ ਗਈ ਹੈ, ਜਿਸ ਨਾਲ ਉੱਤਰੀ ਰਾਜ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੇ ਦੇਸ਼ ’ਚ ਵੱਡੇ ਪੱਧਰ ’ਤੇ ਨਸ਼ਿਆਂ ਦੀ ਸਮੱਗਲਿੰਗ ਜ਼ਰੀਏ ਭਾਰਤ ਵਿਰੁੱਧ ਪ੍ਰੌਕਸੀ ਜੰਗ ਛੇੜਨ ਸਬੰਧੀ ਪਾਕਿਸਤਾਨ ਦੀ ਭੂਮਿਕਾ ਵੱਲ ਇਸ਼ਾਰਾ ਕੀਤਾ, ਜਿਸ ਨਾਲ ਭਾਰਤ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਸਮਾਜਿਕ ਤਾਣੇ-ਬਾਣੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।
ਮਹਾਨ ਸ਼ਖਸੀਅਤਾਂ ਤੋਂ ਪ੍ਰੇਰਨਾ ਲੈ ਕੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਦੀ ਅਪੀਲ ਕੀਤੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਸਮੁੱਚੀ ਲੋਕਾਈ ਦੀ ਭਲਾਈ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ, ਦੀਆਂ ਕੁਰਬਾਨੀਆਂ ਦਾ ਹਵਾਲਾ ਦਿੰਦਿਆਂ ਰਾਜਪਾਲ ਨੇ ਸਾਰਿਆਂ ਨੂੰ ਅਜਿਹੀਆਂ ਮਹਾਨ ਸ਼ਖਸੀਅਤਾਂ ਤੋਂ ਪ੍ਰੇਰਨਾ ਲੈ ਕੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਪੂਰੀ ਤਰ੍ਹਾਂ ਵਚਨਬੱਧ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਬਿਹਤਰ ਤਾਲਮੇਲ ਜ਼ਰੀਏ ਸਮੂਹਿਕ ਯਤਨਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਸਮਾਜ ਦੇ ਹਰ ਵਰਗ ਨੂੰ ਇਸ ਜੰਗ ਵਿੱਚ ਸ਼ਾਮਲ ਕਰਕੇ ਬਹੁ-ਪੱਖੀ ਰਣਨੀਤੀ ਘੜਨ ਦਾ ਸੱਦਾ ਦਿੱਤਾ।
ਧਰਮ ਗੁਰੂਆਂ ਨੂੰ ਨਸ਼ਿਆਂ ਵਿਰੁੱਧ ਲੜਾਈ ’ਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ
ਰਾਜਪਾਲ ਕਟਾਰੀਆ ਨੇ ਧਰਮ ਗੁਰੂਆਂ ਨੂੰ ਨਸ਼ਿਆਂ ਵਿਰੁੱਧ ਲੜਾਈ ’ਚ ਮੋਹਰੀ ਭੂਮਿਕਾ ਨਿਭਾਉਣ ਦੀ ਵਿਸ਼ੇਸ਼ ਅਪੀਲ ਕੀਤੀ। ਧਰਮ ਗੁਰੂਆਂ ਦੇ ਆਪਣੇ ਪੈਰੋਕਾਰਾਂ ’ਤੇ ਵਿਸ਼ਾਲ ਪ੍ਰਭਾਵ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੇ ਧਰਮ ਗੁਰੂਆਂ ਨੂੰ ਜ਼ਮੀਨੀ ਪੱਧਰ ‘ਤੇ ਮੁਹਿੰਮਾਂ ਚਲਾਉਣ, ਧਾਰਮਿਕ ਇਕੱਠਾਂ ਦੌਰਾਨ ਮੰਚ ਤੋਂ ਨਸ਼ਾ ਵਿਰੋਧੀ ਸੰਦੇਸ਼ ਦੇਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਸਮਾਜ ਵਿੱਚ ਇੱਕ ਇਨਕਲਾਬੀ ਤਬਦੀਲੀ ਲਿਆ ਸਕਦੀ ਹੈ।
ਰਾਜਪਾਲ ਨੇ ਇਸ ਉਦੇਸ਼ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਦੁਹਰਾਉਂਦਿਆਂ ਗੱਲਬਾਤ ਦੌਰਾਨ ਵਿਚਾਰੇ ਗਏ ਠੋਸ ਹੱਲਾਂ ਨੂੰ ਲਾਗੂ ਕਰਨ ਵਿੱਚ ਪੰਜਾਬ ਰਾਜ ਭਵਨ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਸਮਾਜਿਕ ਕਾਰਕੁਨਾਂ ਅਤੇ ਆਗੂਆਂ ਨੂੰ ਸਥਾਨਕ ਪੱਧਰ ’ਤੇ ਪਹਿਲਕਦਮੀਆਂ ਕਰਦਿਆਂ ਨਸ਼ਿਆਂ ਵਿਰੁੱਧ ਲੜਾਈ ’ਚ ਹਰੇਕ ਵਿਅਕਤੀ ਨੂੰ ਸ਼ਾਮਲ ਕਰਨ ਦਾ ਸੱਦਾ ਵੀ ਦਿੱਤਾ।
ਪੰਜਾਬ ’ਚ ਨਸ਼ਾਖੋਰੀ ਜੇ ਸੰਵੇਦਨਸ਼ੀਲ ਮੁੱਦੇ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਮਹੱਤਵਪੂਰਨ ਚਰਚਾ ’ਚ ਸਰਗਰਮ ਭਾਗੀਦਾਰੀ ਅਤੇ ਯੋਗਦਾਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਗੱਲਬਾਤ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ।

ਪੰਜਾਬੀਆਂ ਨੂੰ ਨਸ਼ਿਆਂ ਵਿਰੁੱਧ ਜੰਗ ’ਤੇ ਫ਼ਤਿਹ ਪਾਉਣ ਲਈ ਇਕਜੁੱਟ ਹੋਣ ਦਾ ਸੱਦਾ
ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਨਸ਼ਾਖੋਰੀ ਦੇ ਮੁੱਦੇ ’ਤੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਅਜਿਹੇ ਕਈ ਸੰਕਟਾਂ ਦਾ ਸਾਹਮਣਾ ਕੀਤਾ ਹੈ ਅਤੇ ਹਮੇਸ਼ਾ ਨਿੱਖਰ ਕੇ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸਾਰੇ ਪੰਜਾਬੀਆਂ ਨੂੰ ਨਸ਼ਿਆਂ ਵਿਰੁੱਧ ਇਸ ਜੰਗ ’ਤੇ ਫ਼ਤਿਹ ਪਾਉਣ ਲਈ ਜ਼ਮੀਨ ਪੱਧਰ ’ਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ।

ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਲੋੜ
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸੇਵਾਮੁਕਤ ਜਸਟਿਸ ਕੇ. ਐੱਸ. ਆਹਲੂਵਾਲੀਆ ਨੇ ਕਿਹਾ ਕਿ ਸਾਨੂੰ ਆਪਣੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਉਹ ਬਾਜ਼ਾਰ-ਮੁਖੀ ਦੁਨੀਆ ਦੁਆਰਾ ਮਨ ਬਹਿਲਾਉਣ ਲਈ ਪੇਸ਼ ਕੀਤੇ ਜਾਂਦੇ ਸ਼ਾਨਦਾਰ ਦ੍ਰਿਸ਼ਾਂ ਦੇ ਝਾਂਸੇ ਵਿੱਚ ਨਾ ਆਉਂਦਿਆਂ ਨੈਤਿਕ ਕਦਰਾਂ-ਕੀਮਤਾਂ ‘ਤੇ ਅਧਾਰਤ ਜੀਵਨ ਜਿਉਣ ਨੂੰ ਤਰਜੀਹ ਦੇਣ।
ਨਸ਼ਾਖੋਰੀ ਦੇ ਸੰਕਟ ਨਾਲ ਨਜਿੱਠਣ ਲਈ ਇਕ ਵਿਸਤ੍ਰਿਤ, ਬਹੁਪੱਖੀ ਪਹੁੰਚ ਅਪਣਾਉਣ ਦਾ ਪ੍ਰਸਤਾਵ ਪੇਸ਼
ਵਿਚਾਰ ਚਰਚਾ ਦੌਰਾਨ ਭਾਈਵਾਲਾਂ ਵੱਲੋਂ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਗਏ ਅਤੇ ਨਸ਼ਾਖੋਰੀ ਦੇ ਸੰਕਟ ਨਾਲ ਨਜਿੱਠਣ ਲਈ ਇੱਕ ਵਿਸਤ੍ਰਿਤ, ਬਹੁ-ਪੱਖੀ ਪਹੁੰਚ ਅਪਣਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਦਾ ਵਿਚਾਰ ਸੀ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਸਮੇਂ ਦੀ ਲੋੜ ਹੈ ਕਿ ਡਰੱਗ ਮਾਫੀਆ, ਭ੍ਰਿਸ਼ਟ ਅਧਿਕਾਰੀਆਂ ਅਤੇ ਸਿਆਸਤਦਾਨਾਂ ਵਿਚਕਾਰ ਗੱਠਜੋੜ ਨੂੰ ਖਤਮ ਵਾਸਤੇ ਸਕੂਲਾਂ-ਕਾਲਜਾਂ, ਕੰਮ ਵਾਲੀਆਂ ਥਾਵਾਂ ਅਤੇ ਕਮਿਊਨਿਟੀ ਸੈਂਟਰਾਂ ਵਿਚ ਵਿਆਪਕ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ ਤਾਂ ਜੋ ਲੋਕਾਂ ਨੂੰ ਨਸ਼ਿਆਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਸਮਾਗਮ ਦੌਰਾਨ ਇਹ ਵਿਚਾਰ ਵੀ ਪੇਸ਼ ਕੀਤੇ ਗਏ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਉੱਨਤ ਸਾਧਨਾਂ ਅਤੇ ਸਿਖਲਾਈ ਜ਼ਰੀਏ ਹੋਰ ਸਮਰੱਥ ਬਣਾਇਆ ਜਾਵੇ ਤਾਂ ਜੋ ਉਹ ਨਸ਼ਾ ਸਮੱਗਲਿੰਗ ਵਾਲੇ ਨੈੱਟਵਰਕਾਂ ਦੀ ਪਛਾਣ ਕਰ ਕੇ ਤੁਰੰਤ ਉਨ੍ਹਾਂ ਨੂੰ ਨੱਥ ਪਾਉਣ ਪਾ ਸਕਣ। ਨਸ਼ੇ ਦੇ ਆਦੀਆਂ ਲਈ ਸਮੇਂ ਸਿਰ ਇਲਾਜ ਅਤੇ ਰਿਕਵਰੀ ਨੂੰ ਯਕੀਨੀ ਬਣਾਉਣ ਵਾਸਤੇ ਡਾਇਗਨੌਸਟਿਕ ਸੈਂਟਰ ਅਤੇ ਮੁੜ ਵਸੇਬਾ ਸਹੂਲਤਾਂ ਸਥਾਪਤ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ।
ਇਸ ਤੋਂ ਇਲਾਵਾ ਛੋਟੀ ਉਮਰ ਤੋਂ ਹੀ ਵਿਦਿਆਰਥੀਆਂ ’ਚ ਨੈਤਿਕਤਾ ਅਤੇ ਅਨੁਸ਼ਾਸਨ ਪ੍ਰਤੀ ਮਜ਼ਬੂਤ ਭਾਵਨਾ ਪੈਦਾ ਕਰਨ ਲਈ ਸਕੂਲੀ ਪਾਠਕ੍ਰਮਾਂ ’ਚ ਨੈਤਿਕ ਕਦਰਾਂ-ਕੀਮਤਾਂ ’ਤੇ ਅਾਧਾਰਿਤ ਸਿੱਖਿਆ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਗਿਆ। ਨਸ਼ਿਆਂ ਵਿਰੁੱਧ ਜੰਗ ’ਚ ਇਕ ਮਹੱਤਵਪੂਰਨ ਉਪਾਅ ਵਜੋਂ ਨੌਜਵਾਨਾਂ ਨੂੰ ਹਾਨੀਕਾਰਕ ਪਦਾਰਥਾਂ/ਨਸ਼ਿਆਂ ਦੇ ਸੇਵਨ ਤੋਂ ਦੂਰ ਰੱਖਣ ਲਈ ਖੇਡਾਂ, ਵੱਖ-ਵੱਖ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਉਨ੍ਹਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰ ਕੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿਚ ਲਾਉਣ ਬਾਰੇ ਵੀ ਵੱਖ-ਵੱਖ ਸੁਝਾਅ ਪੇਸ਼ ਕੀਤੇ ਗਏ। ਇਹ ਗੱਲਬਾਤ ਸੈਸ਼ਨ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਨਿਰੰਤਰ ਯਤਨਾਂ ਦੀ ਲੋੜ ’ਤੇ ਆਪਸੀ ਸਹਿਮਤੀ ਨਾਲ ਸਮਾਪਤ ਹੋਇਆ।
