ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ, ਮੁਲਜ਼ਮਾਂ ਨੂੰ ਜਲਦ ਕੀਤਾ ਜਾਵੇਗਾ ਗ੍ਰਿਫਤਾਰ : ਐੱਸ. ਐੱਚ. ਓ. ਬਿਕਰਮ ਸਿੰਘ
ਸ੍ਰੀ ਹਰਗੋਬਿੰਦਪੁਰ ਸਾਹਿਬ – ਬੀਤੀ ਰਾਤ ਪਿੰਡ ਮਚਰਾਏ ਵਿਖੇ ਮੋਟਰਸਾਈਕਲ ਸਵਾਰ 3 ਵਿਅਕਤੀਆਂ ਵੱਲੋਂ ਇਕ ਨੌਜਵਾਨ ’ਤੇ ਤਾਬੜਤੋੜ ਫਾਇਰਿੰਗ ਕੀਤੀ ਗਈ, ਜਿਸਦੇ ਚਲਦਿਆਂ ਗੋਲੀ ਲੱਗਣ ਕਾਰਨ ਉਕਤ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।
ਇਸ ਸਬੰਧੀ ਨਿਰਮਲ ਸਿੰਘ ਵਾਸੀ ਪਿੰਡ ਮਚਰਾਏ ਨੇ ਦੱਸਿਆ ਕਿ ਬੀਤੀ ਰਾਤ ਉਸਦਾ ਲੜਕਾ ਗੁਰਸੇਵਕ ਸਿੰਘ ਦੁੱਧ ਦੀ ਡੇਅਰੀ ’ਤੇ ਅੱਗ ਸੇਕ ਰਿਹਾ ਸੀ। ਇਸ ਦੌਰਾਨ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ 3 ਵਿਅਕਤੀ ਆਏ, ਜਿਨ੍ਹਾਂ ਨੇ ਉਸਦੇ ਲੜਕੇ ’ਤੇ ਤਾਬੜਤੋੜ ਫਾਇਰਿੰਗ ਕੀਤੀ, ਜਿਸਦੇ ਚਲਦਿਆਂ ਇਕ ਗੋਲੀ ਗੁਰਵਿੰਦਰ ਸਿੰਘ ਦੇ ਮੋਢੇ ਅਤੇ ਇਕ ਲੱਤ ’ਚ ਲੱਗ ਗਈ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ ਜਦਕਿ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਗੁਰਵਿੰਦਰ ਸਿੰਘ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ।
ਦੂਜੇ ਪਾਸੇ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।