ਚਾਰ ਮਾਮਲੇ ਦਰਜ, 5 ਵਿਅਕਤੀ ਗ੍ਰਿਫਤਾਰ
ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਕੀਤੀ ਬਰਾਮਦ
Dhuri news : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ. ਐਨ.ਆਰ.ਆਈ. ਮਾਮਲੇ) ਸ਼੍ਰੀ ਪ੍ਰਵੀਨ ਕੁਮਾਰ ਸਿਨਹਾ ਦੀ ਅਗਵਾਈ ਵਿੱਚ ਵੱਡੇ ਪੱਧਰ ਉੱਪਰ ਛਾਪੇਮਾਰੀ ਕੀਤੀ ਗਈ। ਧੂਰੀ ਸ਼ਹਿਰ ਦੇ ਰੇਲਵੇ ਓਵਰਬ੍ਰਿਜ ਦੇ ਨਜ਼ਦੀਕ ਸਥਿਤ ਬਾਜੀਗਰ ਬਸਤੀ ਇਲਾਕੇ ਵਿੱਚ ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸੰਭਾਵੀ ਤਸਕਰਾਂ ਦੇ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਕੀਤੀ ਗਈ। ਇਸ ਮੌਕੇ ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ, ਐਸ.ਐਸ.ਪੀ. ਨਵਰੀਤ ਸਿੰਘ ਵਿਰਕ, ਐਸ.ਪੀ. ਮਨਦੀਪ ਸਿੰਘ ਸੰਧੂ ਅਤੇ ਹੋਰਨਾਂ ਪੁਲਿਸ ਅਫ਼ਸਰਾਂ ਵੱਲੋਂ ਏ.ਡੀ.ਜੀ.ਪੀ. ਪ੍ਰਵੀਨ ਕੁਮਾਰ ਸਿਨਹਾ ਦੀ ਮੌਜੂਦਗੀ ਵਿੱਚ ਸਰਚ ਅਭਿਆਨ ਚਲਵਾ ਕੇ ਸ਼ੱਕੀ ਪੁਰਸ਼ਾਂ ਅਤੇ ਥਾਵਾਂ ਦੀ ਚੈਕਿੰਗ ਕੀਤੀ ਗਈ।
ਇਸ ਮੌਕੇ ਬੋਲਦਿਆਂ ਏ.ਡੀ.ਜੀ.ਪੀ. ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਨਸ਼ਾ ਤਸਕਰਾਂ ਵਿਰੁੱਧ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਵਿਭਾਗ ਵੱਲੋਂ ਲਗਾਤਾਰ ‘ਕਾਸੋ’ ਵਰਗੇ ਆਪ੍ਰੇਸ਼ਨ ਚਲਾਏ ਜਾ ਰਹੇ ਹਨ ਤਾਂ ਕਿ ਨਸ਼ਾ ਤਸਕਰਾਂ ਤੱਕ ਇਹ ਸੁਨੇਹਾ ਸਿੱਧੇ ਅਤੇ ਸਪੱਸ਼ਟ ਰੂਪ ਵਿੱਚ ਪਹੁੰਚਾਇਆ ਜਾ ਸਕੇ ਕਿ ਜੇਕਰ ਉਨ੍ਹਾਂ ਵੱਲੋਂ ਇਹ ਕਾਲਾ ਕਾਰੋਬਾਰ ਹੁਣ ਵੀ ਬੰਦ ਨਾ ਕੀਤਾ ਗਿਆ ਤਾਂ ਉਨ੍ਹਾਂ ਦੀ ਖੈਰ ਨਹੀਂ।
ਏ.ਡੀ.ਜੀ.ਪੀ. ਸਿਨਹਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਨਸ਼ਿਆਂ ਦੀ ਤਸਕਰੀ ਨੂੰ ਬਹੁਤ ਮੁਸਤੈਦੀ ਨਾਲ ਰੋਕਿਆ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਸਖਤੀ ਦਾ ਪ੍ਰਤੱਖ ਪ੍ਰਮਾਣ ਵੱਡੇ ਪੱਧਰ ‘ਤੇ ਫੜੀਆਂ ਗਈਆਂ ਨਸ਼ੇ ਦੀਆਂ ਖੇਪਾਂ ਹਨ।
ਉਨ੍ਹਾਂ ਕਿਹਾ ਕਿ ਹੁਣ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਨਸ਼ਾ ਤਸਕਰਾਂ ਨਾਲ ਫੈਸਲਾਕੁੰਨ ਜੰਗ ਲੜ ਰਹੀ ਹੈ ਅਤੇ ਇਸਦੇ ਬਹੁਤ ਵਧੀਆ ਨਤੀਜੇ ਵੀ ਨਿਕਲ ਕੇ ਸਾਹਮਣੇ ਆ ਰਹੇ ਹਨ।
ਛਾਪੇਮਾਹੀ ਦੌਰਾਨ ਏ.ਡੀ.ਜੀ.ਪੀ. ਪ੍ਰਵੀਨ ਕੁਮਾਰ ਸਿਨਹਾ ਵੱਲੋਂ ਨਸ਼ਾ ਤਸਕਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਵਿੱਚ ਕਿਤੇ ਵੀ ਨਸ਼ਾ ਤਸਕਰੀ ਲਈ ਥਾਂ ਨਹੀਂ ਬਚੀ ਅਤੇ ਜੇਕਰ ਹੁਣ ਵੀ ਨਸ਼ਾ ਤਸਕਰਾਂ ਨੇ ਲੋਕਾਂ ਦੇ ਘਰਾਂ ਦੀ ਬਰਬਾਦੀ ਦਾ ਇਹ ਰਸਤਾ ਨਾ ਛੱਡਿਆ ਤਾਂ ਉਨ੍ਹਾਂ ਨੂੰ ਪੰਜਾਬ ਛੱਡ ਕੇ ਹੀ ਜਾਣਾ ਪਵੇਗਾ।
ਏ.ਡੀ.ਜੀ.ਪੀ. ਨੇ ਨਸ਼ਾ ਤਸਕਰਾਂ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਨਸ਼ਿਆਂ ਦਾ ਕਾਲਾ ਕਾਰੋਬਾਰ ਛੱਡ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੁੜਨਾ ਚਾਹੁੰਦੇ ਹਨ ਤਾਂ ਇਸ ਲਈ ਪੰਜਾਬ ਪੁਲਿਸ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਤਸਕਰੀ ਛੱਡਣ ਵਾਲੇ ਹਰ ਵਿਅਕਤੀ ਨੂੰ ਸਮਾਜ ਵਿੱਚ ਬਣਦੀ ਇੱਜ਼ਤ ਅਤੇ ਹੁਨਰ ਮੁਤਾਬਕ ਕਾਰੋਬਾਰ ਦਵਾਉਣ ਲਈ ਪੰਜਾਬ ਪੁਲਿਸ ਵੱਲੋਂ ਪੂਰੀ ਵਾਹ ਲਾਈ ਜਾਵੇਗੀ।
ਇਸ ਮੌਕੇ ਐਸਐਸਪੀ ਸ੍ਰੀ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਚਲਾਏ ਗਏ ਇਸ ਵਿਸ਼ੇਸ਼ ਅਭਿਆਨ ਤਹਿਤ ਚਾਰ ਮੁਕਦਮੇ ਦਰਜ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 03 ਗ੍ਰਾਮ ਹੈਰੋਇਨ, 325 ਨਸ਼ੀਲੀਆਂ ਗੋਲੀਆਂ ਅਤੇ 1,35,410 ਰੁਪਏ ਦੀ ਡਰੱਗ ਮਨੀ ਬਰਾਮਦ ਕਰਵਾਈ ਗਈ ਹੈ। ਇਸ ਤੋਂ ਇਲਾਵਾ ਤਿੰਨ ਸਕੂਟਰੀਆਂ, ਚਾਰ ਮੋਟਰਸਾਈਕਲ, ਇੱਕ ਮਾਰੂਤੀ ਕਾਰ ਜਬਤ ਕੀਤੇ ਗਏ ਹਨ।
ਐਸਐਸਪੀ ਨੇ ਕਿਹਾ ਕਿ ਭਵਿੱਖ ਵਿੱਚ ਵੀ ਮਾੜੇ ਅਨਸਰਾਂ ਖਿਲਾਫ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਰਵਾਈ ਜਾਰੀ ਰੱਖੀ ਜਾਵੇਗੀ।
