ਮੁੱਖ ਖੇਤੀਬਾੜੀ ਅਫ਼ਸਰ ਨੇ ਬਲਾਕ ਬਟਾਲਾ ਦੇ ਖੇਤੀ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪ੍ਰਗਤੀ ਦਾ ਜਾਇਜ਼ਾ ਲਿਆ

ਕਿਸਾਨਾਂ ਤੱਕ ਨਵੀਨਤਮ ਖੇਤੀ ਤਕਨੀਕਾਂ ਪਹੁੰਚਾਉਣ ਲਈ ਹਰ ਹਫ਼ਤੇ ਲਗਣਗੇ 40 ਕਿਸਾਨ ਜਾਗਰੂਕਤਾ ਕੈਂਪ : ਡਾ. ਅਮਰੀਕ ਸਿੰਘ
ਬਟਾਲਾ :- ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਬਟਾਲਾ ਵਿਚ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜਾਇਜ਼ਾ ਲੈਣ ਲਈ ਸਟਾਫ਼ ਮੀਟਿੰਗ ਸਥਾਨਕ ਬਲਾਕ ਖ਼ੇਤੀਬਾੜੀ ਦਫਤਰ ਬਟਾਲਾ ’ਚ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮੁੱਖ ਖ਼ੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਕੀਤੀ।
ਮੀਟਿੰਗ ’ਚ ਡਾ. ਪਰਮਬੀਰ ਸਿੰਘ ਕਾਹਲੋਂ, ਡਾ. ਸੁਖਬੀਰ ਸਿੰਘ ਸੰਧੂ ਖੇਤੀਬਾੜੀ ਅਫ਼ਸਰ, ਡਾ. ਪ੍ਰਭਜੋਤ ਸਿੰਘ ਡਿਪਟੀ ਪ੍ਰਾਜੈਕਟ ਆਤਮਾ, ਡਾ. ਕਮਲਜੀਤ ਕੌਰ, ਡਾ. ਪਰਮਬੀਰ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨਾਂ ਤਕ ਨਵੀਨਤਮ ਖੇਤੀ ਤਕਨੀਕਾਂ ਪਹੁੰਚਾਉਣ ਲਈ ਹਰ ਹਫ਼ਤੇ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹਰੇਕ ਸਰਕਲ ਇੰਚਾਰਜ ਵੱਲੋਂ ਕਿਸੇ ਇਕ ਪਿੰਡ ਵਿਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾਇਆ ਕਰਨਗੇ, ਜਿਸ ਬਾਰੇ ਸਬੰਧਤ ਪਿੰਡ ਦੇ ਸਰਪੰਚ/ਨੰਬਰਦਾਰ ਜਾਂ ਮੋਹਤਬਰ ਵਿਅਕਤੀਆਂ ਨੂੰ ਅਗਾਹੁ ਸੂਚਿਤ ਕੀਤਾ ਜਾਵੇ ਤਾਂ ਜੋਂ ਵੱਧ ਤੋਂ ਵੱਧ ਕਿਸਾਨਾਂ ਤੱਕ ਨਵੀਨਤਮ ਤਕਨੀਕਾਂ ਪਹੁੰਚਾਈਆਂ ਜਾ ਸਕਣ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹਈਆ ਕਰਵਾਉਣ ਦੇ ਮਕਸਦ ਨਾਲ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਤਹਿਤ ਖੇਤੀ ਸਮੱਗਰੀ ਦੀਆਂ ਦੁਕਾਨਾਂ ਦੀ ਚੈਕਿੰਗ ਤੋਂ ਇਲਾਵਾ ਖਾਦਾਂ ਅਤੇ ਕੀਟਨਾਸ਼ਕਾਂ ਦੇ ਸੈਂਪਲ ਭਰੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਬਣਾ ਕੇ ਰੱਖਣ ਤਾਂ ਜੋਂ ਖੇਤੀ ਲਾਗਤ ਖਰਚੇ ਘਟਾ ਕੇ ਖੇਤੀ ਆਮਦਨ ਵਧਾਈ ਜਾ ਸਕੇ। ਉਨ੍ਹਾਂ ਸਮੂਹ ਖੇਤੀ ਅਧਿਕਾਰੀਆਂ ਨੂੰ ਕਿਸਾਨੀ ਪ੍ਰਤੀ ਆਪਣੇ ਫਰਜ ਪੂਰੀ ਈਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣ ਲਈ ਹਦਾਇਤਾਂ ਜਾਰੀ ਕੀਤੀਆਂ।

Leave a Reply

Your email address will not be published. Required fields are marked *