– ਗੰਭੀਰ ਅਵਸਥਾ ਵਿਚ ਹੋਣ ਕਾਰਨ ਟਰਾਲੀ ਵਿਚ ਨਹੀ ਆਉਣ ਦਿੱਤਾ ਕਿਸੇ ਨੂੰ
ਖਨੌਰੀ : ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 44ਵੇਂ ਦਿਨ ਵੀ ਜਾਰੀ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੇ ਹਾਲਾਤ ਬੇਹਦ ਨਾਜੁਕ ਹੋ ਗਏ ਤੇ ਉਨ੍ਹਾਂ ਨੂੰ ਬੋਲਣ ਸਮੇਂ ਵੀ ਵੱਡੀ ਦਿੱਕਤ ਆਉਣ ਲੱਗੀ।
ਇਸ ਮੌਕੇ ਡਾਕਟਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪੈਰ ਸਰੀਰ ਦੇ ਦੂਜੇ ਅੰਗਾਂ ਦੇ ਬਰਾਬਰ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਜਾਂਦਾ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਨੂੰ ਸਥਿਰ ਕਰਨ ਲਈ ਉਨ੍ਹਾਂ ਦੇ ਪੈਰਾਂ ਨੂੰ ਉਚਾਈ ‘ਤੇ ਰੱਖਣਾ ਪੈਂਦਾ ਹੈ। ਅੱਜ ਜਗਜੀਤ ਸਿੰਘ ਡੱਲੇਵਾਲ ਵੱਲੋ ਇੱਕ ਵਿਸ਼ੇਸ਼ ਬੇਨਤੀ ਕੀਤੀ ਗਈ ਕਿ ਉਹਨਾਂ ਨੂੰ ਮਿਲਣ ਆਏ ਵਿਅਕਤੀ ਨਾਲ ਗੱਲ ਕਰਨ ਵਿੱਚ ਦਿੱਕਤ ਆ ਰਹੀ ਹੈ, ਇਸ ਲਈ ਕਿਸੇ ਵੀ ਵਿਅਕਤੀ ਨੂੰ ਉਹਨਾਂ ਦੀ ਟਰਾਲੀ ਦੇ ਅੰਦਰ ਨਾਂ ਜਾਣ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਉਹ ਮਿਲਣ ਆਉਣ ਵਾਲੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ ਪਰ ਮੈਡੀਕਲ ਮਜਬੂਰੀ ਕਾਰਨ ਉਹ ਗੱਲ ਕਰਨ ਤੋਂ ਅਸਮਰੱਥ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਦੇਸ਼ ਦੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਿੱਲੀ ਦੇ ਕਿਸਾਨਾਂ ਨਾਲ ਮੀਟਿੰਗ ਕਰ ਕੇ ਕਹਿੰਦੇ ਹਨ ਕਿ ਉਹ ਦੁਖੀ ਹਨ ਕਿ ਕਿਸਾਨਾਂ ਨੂੰ ਸਾਡੀਆਂ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ ਪਰ ਦੂਜੇ ਪਾਸੇ ਉਨ੍ਹਾਂ ਨੂੰ 13 ਫਰਵਰੀ 2024 ਤੋਂ ਸੜਕਾਂ ਉੱਪਰ ਅਤੇ 26 ਨਵੰਬਰ 2024 ਤੋਂ ਮਰਨ ਵਰਤ ਉੱਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਜੀ ਦਾ ਸੰਘਰਸ਼ ਅਤੇ ਕੁਰਬਾਨੀ ਨਜ਼ਰ ਨਹੀਂ ਆ ਰਹੀ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਜਨਗਣਨਾ 2016 ਅਨੁਸਾਰ ਦਿੱਲੀ ਵਿੱਚ 21000 ਕਿਸਾਨ ਸਨ ਜਿਨ੍ਹਾਂ ਦੀ ਗਿਣਤੀ ਪਿੱਛਲੇ 8 ਸਾਲਾਂ ਵਿੱਚ ਘਟ ਚੁੱਕੀ ਹੈ। ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਨੂੰ ਦੇਖਦਿਆਂ ਕੇਂਦਰ ਸਰਕਾਰ ਨੂੰ ਗੰਭੀਰ ਹੋ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ।
– ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਹਮਾਇਤ ਕਰਨ ਲਈ ਪੁੱਜੇ
ਅੱਜ ਸਮਾਜਵਾਦੀ ਪਾਰਟੀ ਦੇ ਮੁਜ਼ੱਫਰਨਗਰ ਤੋਂ ਸੰਸਦ ਮੈਂਬਰ ਅਤੇ ਕੌਮੀ ਜਨਰਲ ਸਕੱਤਰ ਹਰਿੰਦਰ ਮਲਿਕ ਨੇ ਆਪਣੇ ਵਫ਼ਦ ਸਮੇਤ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਣ ਆਏ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਅਖਿਲੇਸ਼ ਯਾਦਵ ਦਾ ਸੁਨੇਹਾ ਪਹੁੰਚਾਇਆ। ਜਗਜੀਤ ਸਿੰਘ ਡੱਲੇਵਾਲ ਜੀ ਦੀ ਵਿਗੜ ਰਹੀ ਸਿਹਤ ਨੂੰ ਦੇਖਦਿਆਂ ਅਖਿਲੇਸ਼ ਯਾਦਵ ਜੀ ਨੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨਾਲ ਫੋਨ ਤੇ ਗੱਲ ਕੀਤੀ ਅਤੇ ਕਿਹਾ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਨਾਲ ਗੱਲ ਕਰਕੇ ਉਪਰਾਲੇ ਕਰਨਗੇ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਸੀ ਮਤਭੇਦ ਭੁਲਾ ਕੇ ਐਮਐਸਪੀ ਦੇ ਗਾਰੰਟੀ ਕਾਨੂੰਨ ਦੇ ਮੁੱਦੇ ਉੱਪਰ ਇਕਜੁੱਟ ਹੋਣ ਤਾਂ ਜੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ।

10 ਨੂੰ ਮੋਦੀ ਦੇ ਪੁਤਲੇ ਫੂਕਣਗੇ, 13 ਨੂੰ ਬਿੱਲਾਂ ਦੇ ਖਰੜੇ ਸਾੜਨਗੇ ਤੇ 26 ਨੂੰ ਟ੍ਰੈਕਟਰ ਮਾਰਚ ਹੋਣਗੇ
ਇਸ ਮੌਕੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦੀ ਹਾਲਤ ਬੇਹਦ ਚਿੰਤਾਜਨਕ ਹੈ ਪਰ ਕੇਂਦਰ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਹੀ ਸਰਕ ਰਹੀ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੂੰ ਜਗਾਉਣ ਲਈ ਕਿਸਾਨਾਂ ਵਲੋ 10 ਜਨਵਰੀ ਨੂੰ ਮੋਦੀ ਦੇ ਪੁਤਲੇ ਸਾੜੇ ਜਾਣਗੇ ਅਤੇ 13 ਜਨਵਰੀ ਨੂੰ ਬਿੱਲਾਂ ਦੇ ਖਰੜਿਆਂ ਨੂੰ ਸਾੜਿਆ ਜਾਵੇਗਾ।
ਇਸਤੋ ਇਲਾਵਾ 26 ਜਨਵਰੀ ਨੂੰ ਟ੍ਰੈਕਟਰ ਮਾਰਚ ਕੱਢ ਕੇ ਕੇਂਦਰ ਸਰਕਾਰ ਦਾ ਪਿਟ ਸਿਆਪਾ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਕੇਂਦਰ ਵਿਚ ਬੈਠੀ ਮੋਦੀ ਸਰਕਾਰ ਕਿਸਾਨਾਂ ‘ਤੇ ਅਤਿਆਚਾਰ ਕਰ ਰਹੀ ਹੈ, ਜਿਸਦਾ ਕਿਸਾਨਾਂ ਵਲੋ ਡਟਕੇ ਮੁਕਾਬਲਾ ਕੀਤਾ ਜਾ ਰਿਹਾ ਹੈ।