ਪੰਪ ਦੇ ਇਕ ਕਰਿੰਦੇ ਦੀ ਮੌਤ, 2 ਗੰਭੀਰ ਜ਼ਖਮੀ
ਮਜੀਠਾ ਨੇੜੇ ਪਿੰਡ ਕਲੇਰ ਮਾਂਗਟ ਸਥਿਤ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ’ਤੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ ਦੌਰਾਨ ਪੰਪ ਦੇ ਇਕ ਕਰਿੰਦੇ ਗੌਤਮ ਦੀ ਛਾਤੀ ਉੱਪਰ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦਕਿ ਦੂਜੇ ਕਰਿੰਦੇ ਅਮਿਤ ਅਤੇ ਅਰਪਨ ਗੰਭੀਰ ਜ਼ਖਮੀ ਹੋਏ ਹਨ।
ਜਾਣਕਾਰੀ ਅਨੁਸਾਰ ਮਜੀਠਾ ਕੱਥੂਨੰਗਲ ਰੋਡ ’ਤੇ ਪਿੰਡ ਕਲੇਰ ਮਾਂਗਟ ਸਥਿਤ ਪੈਟਰੋਲ ਪੰਪ ’ਤੇ ਕਰੀਬ 8 ਵਜੇ ਕੁਝ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਵਿਅਕਤੀ ਤੇਲ ਪਵਾਉਣ ਵਾਸਤੇ ਪੰਪ ’ਤੇ ਆਏ ਅਤੇ ਪੰਪ ਬੰਦ ਸੀ, ਜਿਸ ਕਰ ਕੇ ਪੰਪ ਦੇ ਕਰਿੰਦਿਆਂ ਨੇ ਤੇਲ ਪਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ’ਤੇ ਗੁੱਸੇ ਵਿਚ ਆਏ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਫਾਇਰਿੰਗ ’ਚ ਗੌਤਮ ਵਾਸੀ ਯੂਪੀ ਦੀ ਛਾਤੀ ’ਚ ਗੋਲੀ ਲੱਗੀ, ਜਿਸ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ। ਅਮਿਤ ਅਤੇ ਅਰਪਨ ਦੋਵੇਂ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਇਹ ਦੋਵੇਂ ਹਿਮਾਚਲ ਦੇ ਰਹਿਣ ਵਾਲੇ ਸਨ।
ਇਸ ਦੌਰਾਨ ਡੀ. ਐੱਸ. ਪੀ. ਮਜੀਠਾ ਅਮੋਲਕ ਸਿੰਘ ਅਤੇ ਪੁਲਿਸ ਥਾਣਾ ਮਜੀਠਾ ਦੇ ਐੱਸ. ਐੱਚ. ਓ. ਪ੍ਰਭਜੀਤ ਸਿੰਘ ਅਤੇ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਏ ਤੇ ਸਾਰੀ ਸਤਿਥੀ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ
। ਇਸ ਦੌਰਾਨ ਪੰਪ ਉੱਪਰ ਲੁੱਟ ਖੋਹ ਜਾਂ ਕਿਸੇ ਕਿਸੇ ਹੋਰ ਨੁਕਸ਼ਾਨ ਹੋਣ ਬਾਰੇ ਅਜੇ ਸਪੱਸਟ ਨਹੀ ਹੋ ਸਕਿਆ।