ਇਟਾਵਾ :- ਉੱਤਰ ਪ੍ਰਦੇਸ਼ ਦੇ ਇਟਾਵਾ ਸ਼ਹਿਰ ਵਿਚ ਜਾਇਦਾਦ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੀ ਭੈਣ ਅਤੇ ਤਿੰਨ ਸਾਲ ਦੀ ਭਾਣਜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਘਟਨਾ ਬੀਤੀ ਦੇਰ ਰਾਤ ਮਹੇਰਾ ਚੁੰਗੀ ਮੁਹੱਲੇ ਦੀ ਹੈ। ਮ੍ਰਿਤਕਾਂ ਦੀ ਪਛਾਣ ਜੋਤੀ (40) ਅਤੇ ਉਸ ਦੀ ਧੀ ਤਾਸ਼ੂ (3) ਦੇ ਰੂਪ ਵਿਚ ਹੋਈ ਹੈ। ਜੋਤੀ ਆਪਣੀ ਧੀ ਤਾਸ਼ੂ ਨਾਲ ਪਿਛਲੇ ਤਿੰਨ ਸਾਲ ਤੋਂ ਪੇਕੇ ਹੀ ਰਹਿ ਰਹੀ ਸੀ।
ਪੁਲਸ ਨੇ ਔਰਤ ਦੇ ਪਤੀ ਰਾਹੁਲ ਦੇ ਹਵਾਲੇ ਤੋਂ ਦੱਸਿਆ ਕਿ ਬੀਤੀ ਰਾਤ ਜੋਤੀ ਦਾ ਭਰਾ ਹਰਸ਼ਵਰਧਨ ਆਪਣੇ ਦੋ ਪੁੱਤਾਂ ਨਾਲ ਉਨ੍ਹਾਂ ਦੇ ਕਮਰੇ ਵਿਚ ਆਇਆ ਅਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਜੋਤੀ ਅਤੇ ਤਾਸ਼ੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਹੁਲ ਨੇ ਕਿਸੇ ਤਰ੍ਹਾਂ ਖੁਦ ਨੂੰ ਬਚਾਇਆ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।
ਪੁਲਸ ਸੁਪਰਡੈਂਟ ਨੇ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰਕ ਮੈਂਬਰ ਕਮਰੇ ’ਚ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਜੋਤੀ ਅਤੇ ਤਾਸ਼ੂ ਖੂਨ ਨਾਲ ਲੱਥਪੱਥ ਹਾਲਤ ਵਿਚ ਕਮਰੇ ’ਚ ਪਏ ਸਨ। ਘਟਨਾ ਦੇ ਸਮੇਂ ਜੋਤੀ ਦੇ ਪਿਤਾ ਲਵਕੁਸ਼ ਚੌਹਾਨ ਘਰ ਦੀ ਉਪਰਲੀ ਮੰਜ਼ਿਲ ’ਤੇ ਸਨ, ਜਦਕਿ ਜੋਤੀ, ਉਸ ਦਾ ਪਤੀ ਰਾਹੁਲ, ਉਸ ਦੀ ਧੀ ਤਾਸ਼ੂ ਅਤੇ ਹਰਸ਼ਵਰਧਨ ਦੀ ਪਤਨੀ ਹੇਠਲੀ ਮੰਜ਼ਿਲ ’ਤੇ ਸਨ।
ਪਿਤਾ ਨੇ ਘਰ ਅਤੇ ਖੇਤ ਕਰ ਦਿੱਤੇ ਸੀ ਜੋਤੀ ਦੇ ਨਾਂ
ਸੂਚਨਾ ਮਿਲਣ ’ਤੇ ਸੀਨੀਅਰ ਪੁਲਸ ਕਪਤਾਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਜੋਤੀ ਦੇ ਪਿਤਾ ਸੇਵਾਮੁਕਤ ਚੀਫ ਮੈਡੀਕਲ ਅਫਸਰ (ਸੀ. ਐੱਮ. ਓ.) ਲਵਕੁਸ਼ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2019 ਵਿਚ ਆਪਣੀ ਧੀ ਦਾ ਵਿਆਹ ਕੀਤਾ ਸੀ। ਉਨ੍ਹਾਂ ਦੀ ਦੇਖਭਾਲ ਲਈ ਉਹ ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਨਾਲ ਰਹਿ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਜੋਤੀ ਦਾ ਪਤੀ ਰਾਹੁਲ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ।
ਪੁਲਸ ਨੇ ਕਿਹਾ ਕਿ ਤਣਾਅ ਉਦੋਂ ਵਧਿਆ ਜਦੋਂ ਪਿਤਾ ਲਵਕੁਸ਼ ਚੌਹਾਨ ਨੇ ਆਪਣਾ ਘਰ ਅਤੇ ਖੇਤ ਜੋਤੀ ਦੇ ਨਾਂ ਕਰ ਦਿੱਤਾ, ਜਿਸ ਕਾਰਨ ਹਰਸ਼ਵਰਧਨ ਨਾਰਾਜ਼ ਹੋ ਗਿਆ ਅਤੇ ਘਰ ਵਿਚ ਅਕਸਰ ਝਗੜੇ ਹੋਣ ਲੱਗੇ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਰਸ਼ਵਰਧਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
