ਤਲਵੰਡੀ ਸਾਬੋ – ਬੀਤੇ ਦਿਨ ਜਿਲਾ ਬਠਿੰਡੇ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿਚ ਨਿੱਜੀ ਕੰਪਨੀ ਦੀ ਬੱਸ ਦੇ ਗੰਦੇ ਨਾਲੇ ਵਿਚ ਡਿੱਗਣ ਨਾਲ ਜਿੱਥੇ 8 ਘਰਾਂ ਦੇ ਚਿਰਾਗ ਬੁਝ ਗਏ, ਉੇੱਥੇ ਇਸ ਹਾਦਸੇ ਵਿਚ ਮਾਰੀ ਗਈ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਵਿਦਿਆਰਥਣ ਅਤੇ ਨਾਮੀ ਗੱਤਕਾ ਖਿਡਾਰਨ ਰਵਨੀਤ ਕੌਰ ਅਫਸਰ ਬਨਣ ਦੀ ਤਮੰਨਾ ਰੱਖਦੀ ਸੀ ਪਰ ਹਾਦਸੇ ਤੋਂ ਬਾਅਦ ਜਿੱਥੇ ਉਸਦੇ ਮਾਪਿਆਂ ਦੀਆਂ ਅੱਖਾਂ ਦੇ ਹੰਝੂ ਰੁਕਣ ਦਾ ਨਾਮ ਨਹੀ ਲੈ ਰਹੇ, ਉੱਥੇ ਸਮੁੱਚੇ ਕਾਲਜ ਵਿਚ ਸ਼ੋਕ ਦੀ ਲਹਿਰ ਦੌੜ ਗਈ ਹੈ।
ਅੱਜ ਇੱਥੇ ਰਵਨੀਤ ਕੌਰ ਦੀ ਮ੍ਰਿਤਕ ਦੇਹ ਲੈਣ ਪੁੱਜੇ ਉਸਦੇ ਪਿਤਾ ਹਰਜੀਤ ਸਿੰਘ ਵਾਸੀ ਜੰਡ ਵਾਲਾ ਮੀਰਾ ਸੰਦਲਾ (ਫਾਜ਼ਿਲਕਾ) ਨੇ ਦੱਸਿਆ ਕਿ ਉਸਦੀ ਬੇਟੀ ਜਿੱਥੇ ਪੜ੍ਹਾਈ ਵਿਚ ਹੁਸ਼ਿਆਰ ਸੀ, ਉੱਥੇ ਗੱਤਕੇ ਦੀ ਵੀ ਵਧੀਆ ਖਿਡਾਰਨ ਸੀ ਅਤੇ ਕਈ ਗੱਤਕਾ ਮੁਕਾਬਲਿਆਂ ਵਿਚ ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਹ ਗੁਰਬਾਣੀ ਗਾਇਨ ਵੀ ਕਰ ਲੈਂਦੀ ਸੀ ਅਤੇ ਅਕਸਰ ਕਹਿੰਦੀ ਸੀ ਕਿ ਮੈਂ ਪੜ੍ਹ ਲਿਖ ਕੇ ਅਫਸਰ ਬਣਾਂਗੀ ਅਤੇ ਫਿਰ ਮੈਂ ਆਪਣੇ ਭੈਣ-ਭਰਾਵਾਂ ਨੂੰ ਵੀ ਪੈਰਾਂ ਸਿਰ ਕਰਾਂਗੀ।
ਹਰਜੀਤ ਸਿੰਘ ਨੇ ਦੱਸਿਆ ਕਿ ਉਹ ਸਾਧਾਰਣ ਪਰਿਵਾਰ ਨਾਲ ਸਬੰਧਿਤ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚੀ ਨੂੰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਚ ਮੁਫਤ ਪੜਾਇਆ ਜਾ ਰਿਹਾ ਸੀ ਉਹ ਕਾਲਜ ਦੇ ਹੋਸਟਲ ਵਿਚ ਰਹਿੰਦੀ ਸੀ ਅਤੇ ਬੀਤੇ ਦਿਨ ਛੁੱਟੀਆਂ ਹੋਣ ਕਾਰਣ ਕਾਲਜ ਵਿਚੋਂ ਘਰ ਲਈ ਉਕਤ ਮੰਦਭਾਗੀ ਬੱਸ ਤੇ ਰਵਾਨਾ ਹੋਈ।
ਉਨਾਂ ਮੁਤਾਬਕ ਉਸਦਾ ਚਚੇਰਾ ਭਰਾ ਬਠਿੰਡਾ ਬੱਸ ਸਟੈਂਡ ਤੇ ਉਸਦੀ ਉਡੀਕ ਕਰ ਰਿਹਾ ਸੀ ਪਰ ਕੁਝ ਸਮੇਂ ਬਾਅਦ ਬੱਸ ਦੇ ਹਾਦਸਾਗ੍ਰਸਤ ਹੋਣ ਦਾ ਪਤਾ ਲੱਗਾ। ਭਾਵੁਕ ਹੁੰਦਿਆਂ ਮ੍ਰਿਤਕ ਲੜਕੀ ਦੇ ਪਿਤਾ ਨੇ ਕਿਹਾ ਕਿ ਹੁਣ ਉਹ ਆਪਣੀ ਛੋਟੀ ਬੇਟੀ ਨੂੰ ਤਾਲੀਮ ਦੇ ਕੇ ਅਫਸਰ ਬਣਾਉਣ ਦਾ ਯਤਨ ਕਰਨਗੇ ਤਾਂਕਿ ਰਵਨੀਤ ਦੀ ਇੱਛਾ ਪੂਰੀ ਹੋ ਸਕੇ।
ਦੂਜੇ ਪਾਸੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ.ਕਮਲਪ੍ਰੀਤ ਕੌਰ ਨੇ ਦੱਸਿਆ ਕਿ ਕਾਲਜ ਨੇ ਉਕਤ ਹਾਦਸੇ ਵਿਚ ਇਕ ਜ਼ਹੀਨ ਵਿਦਿਆਰਥਣ ਨੂੰ ਗੁਆ ਲਿਆ ਹੈ । ਪਤਾ ਲੱਗਾ ਹੈਕਿ ਵਿਦਿਆਰਥਣ ਦੀ ਮੌਤ ਕਾਰਣ ਕਾਲਜ ਪ੍ਰਬੰਧਕਾਂ ਨੇ ਅੱਜ ਹੋਣ ਵਾਲਾ ਮਹੀਨਾਵਾਰ ਧਾਰਮਿਕ ਸਮਾਗਮ ਗੁਰਪੁਰਬ ਤੱਕ ਨਾ ਕਰਨ ਦਾ ਫੈਸਲਾ ਕੀਤਾ ਹੈ।