ਪਰਿਵਾਰ ਦੇ 4 ਲੋਕਾਂ ਦੀ ਮੌਤ, ਇਕ ਵਿਅਕਤੀ ਗੰਭੀਰ ਜ਼ਖ਼ਮੀ
ਹਰਿਆਣਾ ਦੇ ਬਹਾਦਰਗੜ੍ਹ ’ਚ ਇਕ ਘਰ ’ਚ ਹੋਏ ਜ਼ਬਰਦਸਤ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਇਸ ਧਮਾਕੇ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਅਤੇ ਫੋਰੈਂਸਿਕ ਸਾਇੰਸ ਲੈਬ (ਐੱਫ. ਐੱਸ. ਐੱਲ.) ਦੀ ਟੀਮ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਹਾਦੁਰਗੜ੍ਹ ਦੇ ਡੀ. ਸੀ. ਪੀ. ਮਯੰਕ ਮਿਸ਼ਰਾ ਨੇ ਦੱਸਿਆ ਕਿ ਇਹ ਸਿਲੰਡਰ ਧਮਾਕਾ ਨਹੀਂ ਸੀ, ਧਮਾਕਾ ਘਰ ਦੇ ਅੰਦਰਲੇ ਬੈੱਡਰੂਮ ਵਿਚ ਹੋਇਆ ਸੀ। ਇਸ ਕਾਰਨ ਸਾਰਾ ਘਰ ਨੁਕਸਾਨਿਆ ਗਿਆ ਹੈ। ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸਦਾ ਹਸਪਤਾਲ ’ਚ ਇਲਾਜ ਜਾਰੀ ਹੈ।
ਪੁਲਿਸ ਨੇ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਧਮਾਕੇ ਦੇ ਵਿਸ਼ਲੇਸ਼ਣ ਮਾਹਿਰਾਂ ਅਤੇ ਐੱਫ. ਐੱਸ. ਐੱਲ. ਟੀਮ ਨੂੰ ਬੁਲਾਇਆ ਹੈ। ਡੀ. ਸੀ. ਪੀ. ਮਿਸ਼ਰਾ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਧਮਾਕੇ ਦੇ ਅਸਲ ਕਾਰਨਾਂ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕਰਾਂਗੇ।
