ਸ੍ਰੀ ਮੁਕਤਸਰ ਸਾਹਿਬ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਯਾਦ ’ਚ ਜਿੱਥੇ ਮੰਗਲਵਾਰ ਤੋਂ ਮੇਲਾ ਮਾਘੀ ਆਰੰਭ ਹੋ ਜਾਵੇਗਾ, ਉਥੇ ਮਲੋਟ ਰੋਡ ’ਤੇ ਬਰਸਾਤ ਦੀ ਮਾਰ ਦੇ ਚੱਲਦਿਆਂ ਹੁਣ ਤੱਕ ਮਨੋਰੰਜਨ ਮੇਲਾ ਸ਼ੁਰੂ ਨਹੀਂ ਹੋ ਸਕਿਆ ਹੈ।
ਪਿਛਲੇ ਦਿਨੀਂ ਹੋਈ ਬਰਸਾਤ ਦਾ ਪਾਣੀ ਦਾ ਅਜੇ ਵੀ ਮੇਲੇ ਵਾਲੇ ਗਰਾਊਂਡ ’ਚੋਂ ਨਹੀਂ ਨਿਕਲਿਆ, ਜਿਸ ਕਾਰਨ ਮੇਲਾ ਗਰਾਊਂਡ ’ਚ ਕਈ ਜਗ੍ਹਾ ਦਲਦਲ ਵਾਂਗ ਚਿੱਕੜ ਜਮਾਂ ਹੋਇਆ ਹੈ। ਇਹੀ ਵਜ੍ਹਾ ਹੈ ਕਿ ਅਜੇ ਅਨੇਕਾਂ ਝੂਲੇ ਤਾਂ ਲੱਗ ਨਹੀਂ ਸਕੇ ਤੇ ਜੋ ਝੂਲੇ ਲੱਗੇ ਹਨ ਉਹ ਸੋਮਵਾਰ ਨੂੰ ਖਾਲੀ ਹੀ ਚੱਲਦੇ ਨਜ਼ਰ ਆਏ।

ਹਾਲਾਂਕਿ ਮਨੋਰੰਜਨ ਮੇਲਾ ਵਿੱਚ ਲੋਹੜੀ ’ਤੇ ਲੋਕ ਤਾਂ ਆ ਰਹੇ ਸਨ, ਪਰ ਅਜੇ ਵੀ ਮੇਲਾ ਗਰਾਊਂਡ ’ਤੇ ਸੰਨਾਟਾ ਹੀ ਪਸਰਿਆ ਨਜ਼ਰ ਆ ਰਿਹਾ ਸੀ।
ਭੋਲਾ ਸ਼ੰਕਰ ਫਰਮ ਦੇ ਮੇਲਾ ਪ੍ਰਬੰਧਕ ਵਰਿੰਦਰ ਕਪੂਰ ਨੇ ਦੱਸਿਆ ਕਿ ਮਾਘੀ ਮੌਕੇ ਲੱਗਣ ਵਾਲੇ ਇਸ ਮਨੋਰੰਜਨ ਮੇਲੇ ਦਾ ਠੇਕਾ ਉਨ੍ਹਾਂ ਨੂੰ 1 ਕਰੋੜ 4 ਲੱਖ ਰੁਪਏ ’ਚ ਮਿਲਿਆ ਸੀ। ਹਾਲਾਂਕਿ 11 ਜਨਵਰੀ ਤੋਂ ਮੇਲਾ ਸ਼ੁਰੂ ਹੋਣਾ ਸੀ ਪਰ ਅਜੇ ਤੱਕ ਬਰਸਾਤ ਦੇ ਪਾਣੀ ਕਾਰਨ ਮੇਲਾ ਪੂਰੀ ਤਰ੍ਹਾਂ ਚੱਲ ਨਹੀਂ ਸਕਿਆ। ਪਿਛਲੇ ਦੋ ਦਿਨਾਂ ਤੋਂ ਉਹ ਬਰਸਾਤ ਦਾ ਪਾਣੀ ਮੇਲਾ ਗਰਾਊਂਡ ਤੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਾਰਨ ਮੇਲਾ ਸ਼ੁਰੂ ਹੋਣ ’ਚ ਦੇਰੀ ਹੋ ਰਹੀ ਹੈ। ਜੇ ਮੰਗਲਵਾਰ ਨੂੰ ਮੌਸਮ ਸਾਫ ਰਹਿੰਦਾ ਹੈ ਤਾਂ ਮੇਲਾ ਸ਼ੁਰੂ ਹੋ ਜਾਵੇਗਾ।
