ਲੌਂਗੋਵਾਲ ’ਚ ਕਰੀਬ 11.05 ਕਰੋੜ ਰੁਪਏ ਦੀ ਲਾਗਤ ਵਾਲੇ 5 ਐੱਮ. ਐੱਲ. ਡੀ. ਸੀਵਰੇਜ ਪਲਾਂਟ ਦਾ ਕੀਤਾ ਉਦਘਾਟਨ
ਸੁਨਾਮ ਊਧਮ ਸਿੰਘ ਵਾਲਾ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਵਿਖੇ ਲਗਭਗ 11.05 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ 5 ਐੱਮ. ਐੱਲ. ਡੀ. ਸੀਵਰੇਜ ਪਲਾਂਟ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਦੀਆਂ ਜ਼ਰੂਰਤਾਂ ਤੋਂ ਭਲੀਭਾਂਤ ਜਾਣੂ ਹੈ ਅਤੇ ਕਿਸੇ ਵੀ ਖੇਤਰ ’ਚ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਉਨ੍ਹਾਂ ਦੱਸਿਆ ਕਿ ਇਹ ਸੀਵਰੇਜ਼ ਟਰੀਟਮੈਂਟ ਪਲਾਂਟ ਐਸ.ਬੀ.ਆਰ ਤਕਨੀਕ ਉਤੇ ਆਧਾਰਿਤ ਹੈ ਜ਼ੋ ਕਿ ਸਭ ਤੋਂ ਵਧੀਆ ਸੀਵਰੇਜ਼ ਟਰੀਟਮੈਂਟ ਤਕਨੀਕ ਹੈ ਅਤੇ ਇਸ ਪਲਾਂਟ ਦੀ ਸਥਾਪਨਾ ਦੇ ਨਾਲ ਸ਼ਹਿਰ ਵਿੱਚ ਸੀਵਰੇਜ਼ ਪ੍ਰਬੰਧਨ ’ਚ ਇੱਕ ਵੱਡਾ ਕਦਮ ਉਠਾਇਆ ਗਿਆ ਹੈ ਜ਼ੋ ਪਾਣੀ ਦੀ ਬੱਚਤ ਅਤੇ ਸਫਾਈ ਯਕੀਨੀ ਬਣਾਉਣ ਦੇ ਨਾਲ ਨਾਲ ਪ੍ਰਦੂਸ਼ਣ ਵਿੱਚ ਕਮੀ ਲਿਆਉਣ ਵਿਚ ਮਦਦ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਪਾਣੀ ਸ਼ੁਧੀਕਰਨ ਮਗਰੋਂ ਖੇਤਾਂ ਵਿੱਚ ਵਰਤਿਆ ਜਾ ਸਕੇਗਾ ਜਿਸ ਨਾਲ ਵਾਤਾਵਰਣ ਵਿੱਚ ਬਿਹਤਰੀ ਹੋਵੇਗੀ ਅਤੇ ਪਾਣੀ ਦੇ ਸੰਸਾਧਨਾਂ ਦੀ ਬੱਚਤ ਹੋਵੇਗੀ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਵਿਖੇ ਹੀ ਇਕ ਹੋਰ ਪ੍ਰੋਜੈਕਟ ਤਹਿਤ ਐਸ.ਟੀ.ਪੀ ਤੋਂ ਸੋਧੇ ਹੋਏ ਪਾਣੀ ਨੂੰ ਜ਼ਮੀਨਦੋਜ਼ ਪਾਈਪਲਾਈਨ ਰਾਹੀਂ ਵਰਤਣ ਲਈ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਉਤੇ 1 ਕਰੋੜ 76 ਲੱਖ ਦੀ ਲਾਗਤ ਆਵੇਗੀ ਅਤੇ 100 ਫੀਸਦੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਕੁੱਲ 5.2 ਕਿਲੋਮੀਟਰ ਲੰਬੀ ਐੱਚ. ਡੀ. ਐੱਫ. ਈ. ਪਾਈਪਲਾਈਨ ਵਿਛਾਈ ਜਾਵੇਗੀ ਅਤੇ ਲਗਭਗ 182 ਹੈਕਟੇਅਰ ਰਕਬਾ ਖੇਤਾਂ ਦੀ ਸਿੰਚਾਈ ਅਧੀਨ ਕਵਰ ਕੀਤਾ ਜਾਵੇਗਾ ਜਿਸ ਨਾਲ ਫਸਲ ਦੀ ਪੈਦਾਵਾਰ ਵਧੇਗੀ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਐੱਸ. ਡੀ. ਐੱਮ. ਚਰਨਜੋਤ ਸਿੰਘ ਵਾਲੀਆ, ਭੂਮੀ ਰੱਖਿਆ ਅਫਸਰ ਕੇਸ਼ਵ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
