ਬੱਚਿਆਂ ਦੇ ਸਿਹਤਮੰਦ ਹੋਣ ਨਾਲ ਹੀ ਬਣੇਗਾ ਰੰਗਲਾ ਪੰਜਾਬ : ਸਿਹਤ ਮੰਤਰੀ ਡਾ. ਬਲਬੀਰ ਸਿੰਘ
ਕਿਹਾ-ਸੂਬੇ ਦੇ ਸਾਰੇ ਸਕੂਲਾਂ ’ਚ ਵਿਦਿਆਰਥੀਆਂ ਦੀ ਹੋਵੇਗੀ ਸਿਹਤ ਜਾਂਚ
ਪਟਿਆਲਾ : ਅੱਜ ‘ਪੇਟ ਦੇ ਕੀਡ਼ਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ’ ਸਬੰਧੀਂ ਸਿਹਤ ਵਿਭਾਗ ਪੰਜਾਬ ਵੱਲੋਂ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਤ੍ਰਿਪਡ਼ੀ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ’ਚ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕਰਵਾਈ ਜਾਵੇਗੀ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ’ਤੇ ਹਰ ਬੱਚੇ ਨੂੰ ਤੰਦਰੁਸਤ ਰੱਖਣ ਲਈ, ਬੱਚਿਆਂ ’ਚ ਕਿੰਨਾ ਖ਼ੂਨ ਹੈ, ਉਸਦਾ ਕੱਦ ਤੇ ਭਾਰ ਕਿੰਨਾ ਹੈ ਸਮੇਤ ਉਸਦੀ ਅੱਖਾਂ ਦੀ ਨਜ਼ਰ ਘੱਟ ਨਾ ਹੋਵੇ, ਪਤਾ ਲਾਉਣ ਲਈ ਸਿਹਤ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਥੇ ਵੀ ਕਿਤੇ ਬੱਚਿਆਂ ’ਚ ਕੋਈ ਮੁਸ਼ਕਲ ਸਾਹਮਣੇ ਆਵੇਗੀ, ਉਸਨੂੰ ਠੀਕ ਕਰਨ ਲਈ ਯੋਗ ਕਦਮ ਉਠਾਏ ਜਾਣਗੇ, ਕਿਉਂਕਿ ਬੱਚਿਆਂ ਦੇ ਸਿਹਤਮੰਦ ਹੋਣ ਨਾਲ ਹੀ ਰੰਗਲਾ ਪੰਜਾਬ ਬਣੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀਡ਼ਿਆਂ ਕਰ ਕੇ ਬਹੁਤ ਬੀਮਾਰੀਆਂ ਲੱਗਦੀਆਂ ਹਨ ਤੇ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਪੇਟ ਦੇ ਕੀਡ਼ਿਆਂ ਬਾਰੇ ਜਾਗਰੂਕਤਾ ਤੇ ਇਲਾਜ ਲਈ ਸਾਲ ’ਚ ਦੋ ਵਾਰ ਅਲਬੈਂਡਾਂਜੋਲ ਦੀ ਗੋਲੀ ਖੁਵਾਈ ਜਾਂਦੀ ਹੈ।
ਸਿਹਤ ਮੰਤਰੀ ਨੇ ਸਾਰੇ ਬੱਚਿਆਂ ਨੂੰ ਪੇਟ ਦੇ ਕੀਡ਼ਿਆਂ ਤੋਂ ਮੁਕਤ ਕਰਨ ਦੇ ਪੰਜਾਬ ਸਰਕਾਰ ਦੇ ਟੀਚੇ ਤਹਿਤ ਅੱਜ ਕੌਮੀ ਡੀ ਵਾਰਮਿੰਗ ਦਿਵਸ ਮਨਾ ਕੇ ਇਹ ਦਵਾਈ ਬੱਚਿਆਂ ਨੂੰ ਖਵਾਈ ਜਾ ਰਹੀ ਹੈ ਅਤੇ 5 ਦਸੰਬਰ ਨੂੰ ਮੋਪ-ਅਪ ਦਿਵਸ ਵੀ ਮਨਾਇਆ ਜਾਵੇਗਾ। ਇਸ ਲਈ ਸੂਬੇ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਇਹ ਗੋਲੀ ਖੁਆਉਣ ਲਈ ਕਰੀਬ 72 ਲੱਖ ਗੋਲੀਆਂ ਦੀ ਵੰਡ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੇ ਸਿਹਤ ਚੈੱਕਅਪ ਸਮੇਤ ਸਕੂਲਾਂ ’ਚ 11ਵੀਂ ਤੇ 12ਵੀਂ ਜਮਾਤਾਂ ਅਤੇ ਕਾਲਜਾਂ ’ਚ ਪਡ਼੍ਹਦੇ ਦੇ ਵਿਦਿਆਰਥੀਆਂ ਨੂੰ ਲਾਇਫ ਸਕਿੱਲ ਤੇ ਮੁੱਢਲੀ ਸਹਾਇਤਾ ਦੀ ਟ੍ਰੇਨਿੰਗ ਵੀ ਪ੍ਰਦਾਨ ਕਰਵਾਈ ਜਾਵੇਗੀ। ਇਸ ਤੋਂ ਬਿਨਾਂ ਡੇਂਗੂ ਅਤੇ ਵੈਕਟਰ ਬੋਰਨ ਬੀਮਾਰੀਆਂ ਤੋਂ ਬਚਾਅ ਲਈ ਵੀ ਨਰਸਿੰਗ ਵਿਦਿਆਰਥੀਆਂ, ਮੈਡੀਕਲ ਇੰਟਰਨ ਵਿਦਿਆਰਥੀਆਂ ਅਤੇ ਡਿਗਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਮਾਸਟਰ ਟ੍ਰੇਨਰ ਬਣਾਇਆ ਜਾਵੇਗਾ, ਇਸ ਨਾਲ ਲੋਕਾਂ ਨੂੰ ਤੰਦਰੁਸਤ ਰੱਖਣ ’ਚ ਮਦਦ ਮਿਲੇਗੀ। ਇਸ ਮੌਕੇ ਜਸਬੀਰ ਸਿੰਘ ਗਾਂਧੀ, ਸੁਰੇਸ਼ ਰਾਏ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਾਇਰੈਕਟਰ ਐੱਨ. ਐੱਚ. ਐੱਮ. ਡਾ. ਬਲਵਿੰਦਰ ਸਿੰਘ, ਸਟੇਟ ਪ੍ਰੋਗਰਾਮ ਅਫ਼ਸਰ ਡਾਕਟਰ ਜਸਲੀਨ ਵਿਰਕ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਜ਼ਿਲਾ ਟੀਕਾਕਰਨ ਅਫ਼ਸਰ ਡਾ. ਕੁਸ਼ਲਦੀਪ ਕੌਰ, ਜ਼ਿਲਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ, ਏ. ਸੀ. ਐੱਸ. ਡਾ. ਰਚਨਾ, ਐੱਸ. ਐੱਮ. ਓ. ਤ੍ਰਿਪਡ਼ੀ ਡਾ. ਮੋਨਿਕਾ ਤੇ ਡਾ. ਲਵਕੇਸ਼ ਕੁਮਾਰ, ਪ੍ਰਿੰਸੀਪਲ ਡਾ. ਨਰਿੰਦਰ ਕੁਮਾਰ, ਜ਼ਿਲਾ ਸਕੂਲ ਸਿਹਤ ਅਫ਼ਸਰ ਡਾ. ਅਸ਼ੀਸ਼ ਸ਼ਰਮਾ ਤੇ ਟੀਮ ਸਮੇਤ ਮਾਸ ਮੀਡੀਆ ਵਿੰਗ ਦੇ ਅਧਿਕਾਰੀ ਵੀ ਮੌਜੂਦ ਸਨ।