ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ

ਦੋਸਤ ਹੀ ਨਿਕਲਿਆ ਕਾਤਲ, ਗ੍ਰਿਫ਼ਤਾਰ

ਤਰਨਤਾਰਨ : ਹਰੀਕੇ ਪੱਤਣ ਦੇ ਪਿੰਡ ਬੂਹ ਹਵੇਲੀਆ ਨਜ਼ਦੀਕ ਭੇਦਭਰੇ ਹਾਲਤ ਵਿਚ ਨੌਜਵਾਨ ਦੀ ਮੌਤ ਹੋ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਕਰਦਿਆਂ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ ਅਤੇ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਥਾਣਾ ਹਰੀਕੇ ਪੱਤਣ ਅਧੀਨ ਆਉਂਦੇ ਪਿੰਡ ਬੂਹ ਹਵੇਲੀਆਂ ਵਿਖੇ ਇਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਭੇਤਭਰੇ ਹਾਲਾਤ ਵਿਚ ਕਤਲ ਕੀਤਾ ਗਿਆ ਸੀ, ਜਿਸ ਦੀ ਪਛਾਣ ਵਰਿੰਦਰ ਸਿੰਘ ਵਾਸੀ ਬੁਰਜ ਦੇਵਾ ਸਿੰਘ ਵਜੋਂ ਹੋਈ ਸੀ। ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਨੇ ਥਾਣਾ ਹਰੀਕੇ ਪੱਤਣ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰਾ ਲੜਕਾ ਵਰਿੰਦਰ ਸਿੰਘ (32 ਸਾਲ) ਜੋ ਕਿ ਜਾਮਨਗਰ ਵਿਖੇ ਕੰਮ ਕਰਦਾ ਸੀ ਅਤੇ 6 ਮਾਰਚ ਨੂੰ ਜਾਮਨਗਰ ਤੋਂ ਵਾਪਸ ਪਿੰਡ ਬੁਰਜ ਦੇਵਾ ਸਿੰਘ ਆਇਆ ਸੀ।

ਬੀਤੀ ਰਾਤ ਆਪਣੇ ਦੋਸਤ ਨਾਲ ਮੋਟਰਸਾਈਕਲ ‘ਤੇ ਹਰੀਕੇ ਪੱਤਣ ਗਿਆ ਸੀ ਤੇ ਹਰੀਕੇ ਪੱਤਣ ਪਹੁੰਚ ਕੇ ਵਰਿੰਦਰ ਸਿੰਘ ਨੇ ਆਪਣੇ ਦੋਸਤ ਨੂੰ ਮੋਟਰਸਾਈਕਲ ਦੇ ਕੇ ਵਾਪਸ ਭੇਜ ਦਿੱਤਾ ਅਤੇ ਦੂਸਰੇ ਦੋਸਤ ਸੰਦੀਪ ਸਿੰਘ ਵਾਸੀ ਬੂਹ ਨਾਲ ਨਾਲ ਉਸਦੇ ਘਰ ਚਲਾ ਗਿਆ।

ਕੁਲਵੰਤ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਸ ਦਾ ਲੜਕਾ ਘਰ ਨਹੀਂ ਆਇਆ ਤੇ ਸਾਰੀ ਰਾਤ ਉਸਦੀ ਭਾਲ ਕਰਦੇ ਰਹੇ। ਅੱਜ ਸਵੇਰੇ ਕਿਸੇ ਰਾਹਗੀਰ ਨੇ ਦੱਸਿਆ ਕਿ ਪਿੰਡ ਬੂਹ ਹਵੇਲੀਆਂ ਲਿੰਕ ਰੋਡ ‘ਤੇ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ ਤੇ ਜਦੋਂ ਅਸੀਂ ਆ ਕੇ ਦੇਖਿਆ ਤਾਂ ਲਾਸ਼ ਮੇਰੇ ਬੇਟੇ ਵਰਿੰਦਰ ਸਿੰਘ ਦੀ ਸੀ, ਜਿਸ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਦੇ ਨਿਸ਼ਾਨ ਸਨ। ਘਟਨਾ ਦੀ ਸੂਚਨਾ ਮਿਲਣ ‘ਤੇ ਡੀ. ਐੱਸ. ਪੀ. ਪੱਟੀ ਕੰਵਲਪ੍ਰੀਤ ਸਿੰਘ ਅਤੇ ਐੱਸ.ਐੱਚ.ਓ. ਹਰੀਕੇ ਰਣਜੀਤ ਸਿੰਘ ਮੌਕੇ ‘ਤੇ ਪੁੱਜੇ‌ ਅਤੇ ਘਟਨਾ ਦੀ ਜਾਂਚ ਬਾਰੀਕੀ ਨਾਲ ਸ਼ੁਰੂ ਕਰ ਦਿੱਤੀ।

ਐੱਸ. ਪੀ. ਪਰਵਿੰਦਰ ਕੌਰ ਨੇ ਦੱਸਿਆ ਕਿ ਜਾਂਚ ਦੌਰਾਨ ਸ਼ੱਕ ਦੀ ਸੂਈ ਸੰਦੀਪ ਸਿੰਘ ‘ਤੇ ਗਈ‌ ਤੇ ਪੁਲਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਸੰਦੀਪ ਸਿੰਘ ਨੇ ਮੰਨਿਆ ਕਿ ਉਸ ਨੇ ਹੀ ਵਰਿੰਦਰ ਸਿੰਘ ਦਾ ਕਤਲ ਕੀਤਾ ਹੈ। ਐਸਪੀ ਨੇ ਕਿਹਾ ਕਿ ਸੰਦੀਪ ਸਿੰਘ ਅਤੇ ਵਰਿੰਦਰ ਸਿੰਘ ਦੋਵੇਂ ਦੋਸਤ ਸਨ ਤੇ ਦੋਵਾਂ ਨੇ ਪਹਿਲਾਂ ਇਕੱਠਿਆਂ ਸ਼ਰਾਬ ਪੀਤੀ ਅਤੇ ਇਸ ਦੌਰਾਨ ਦੋਵਾਂ ਦੀ ਬਹਿਸਬਾਜ਼ੀ ਹੋ ਗਈ ਅਤੇ ਸੰਦੀਪ ਸਿੰਘ ਨੇ ਕਿਰਚ ਮਾਰ ਕੇ ਵਰਿੰਦਰ ਸਿੰਘ ਦਾ ਕਤਲ ਕਰ ਦਿੱਤਾ ਅਤੇ ਕਿਰਚ ਨੇੜਲੇ ਕਣਕ ਦੇ ਖੇਤ ਵਿਚ ਸੁੱਟ ਦਿੱਤੀ ਅਤੇ ਵਰਿੰਦਰ ਸਿੰਘ ਦਾ ਫੋਨ ਨਾਲ ਲੈ ਗਿਆ ਅਤੇ ਮੋਬਾਈਲ ਵੀ ਅੱਗੇ ਜਾ ਕੇ ਸੁੱਟ ਦਿੱਤਾ ਤੇ ਫਰਾਰ ਹੋ ਗਿਆ।

ਐਸ. ਪੀ. ਪਰਵਿੰਦਰ ਕੌਰ ਦੱਸਿਆ ਕਿ ਮੁਲਜ਼ਮ ਸੰਦੀਪ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਕਤਲ ਲਈ ਵਰਤੀ ਕਿਰਚ ਅਤੇ ਮ੍ਰਿਤਕ ਵਰਿੰਦਰ ਸਿੰਘ ਦਾ ਮੋਬਾਈਲ ਵੀ ਬਰਾਮਦ ਕਰ ਲਿਆ।

Leave a Reply

Your email address will not be published. Required fields are marked *