ਪੁਲਸ ਨੇ ਦਵਾਈ ਵਿਕਰੇਤਾਵਾਂ ਦੀ ਕੀਤੀ ਜਾਂਚ

ਗੁਪਤ ਸੂਚਨਾ ਦੇ ਆਧਾਰ ’ਤੇ ਮਾਰੇ ਛਾਪੇ, ਬੇਨਿਯਮੀਆਂ ਆਈਆਂ ਸਾਹਮਣੇ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਤੱਕ ਐੱਨ. ਡੀ. ਪੀ. ਐੱਸ. ਐਕਟ ਤਹਿਤ 28 ਕੇਸ ਦਰਜ : ਐੱਸ. ਪੀ. ਵਿਰਕ

ਸੰਗਰੂਰ : ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਵਿਚ ਹਰ ਤਰ੍ਹਾਂ ਦੇ ਨਸ਼ਿਆਂ ਦੇ ਕਾਰੋਬਾਰ ਨੂੰ ਮੁਕੰਮਲ ਤੌਰ ’ਤੇ ਠੱਲ੍ਹ ਪਾਉਣ ਲਈ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ। ਇਹ ਪ੍ਰਗਟਾਵਾ ਐੱਸ. ਪੀ. ਨਵਰੀਤ ਸਿੰਘ ਵਿਰਕ ਨੇ ਅੱਜ ਸੰਗਰੂਰ ਸ਼ਹਿਰ ਵਿਚ ਕੁਝ ਦਵਾਈ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਦਿਆਂ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਸੂਬੇ ਵਿਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਆਰੰਭੀ ਗਈ ਹੈ, ਉਦੋਂ ਤੋਂ ਹੁਣ ਤੱਕ ਜ਼ਿਲ੍ਹਾ ਸੰਗਰੂਰ ਵਿਚ ਪੁਲਿਸ ਵੱਲੋਂ ਐੱਨ. ਡੀ. ਪੀ. ਐੱਸ. ਤਹਿਤ 28 ਪੁਲਿਸ ਕੇਸ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚ 11 ਕਮਰਸ਼ੀਅਲ ਕੁਆਂਟਿਟੀ ਦੇ ਕੇਸ ਵੀ ਸ਼ਾਮਲ ਹਨ।

ਐੱਸ. ਪੀ. ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਹਾਲਾਂਕਿ ਜ਼ਿਲ੍ਹਾ ਸੰਗਰੂਰ ’ਚ ਨਸ਼ਿਆਂ ਦੀ ਰੋਕਥਾਮ ਲਈ ਅਹਿਮ ਉਪਰਾਲੇ ਪਹਿਲਾਂ ਤੋਂ ਹੀ ਚੱਲੇ ਆ ਰਹੇ ਹਨ ਪਰ ਹੁਣ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਰਗਰਮੀਆਂ ਵਿਚ ਕਾਫੀ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਵਾਈ ਵਿਕਰੇਤਾਵਾਂ ਦੀ ਜਾਂਚ ਦਾ ਮਕਸਦ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਪ੍ਰੇਸ਼ਾਨੀ ਜਾਂ ਖੱਜਲ ਖੁਆਰੀ ਕਰਨਾ ਨਹੀਂ ਹੈ, ਬਲਕਿ ਕੇਵਲ ਅਜਿਹੇ ਕੈਮਿਸਟਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਹੜੇ ਕਿ ਆਪਣੇ ਨਿੱਜੀ ਫਾਇਦੇ ਨੂੰ ਪ੍ਰਮੁੱਖਤਾ ਦਿੰਦੇ ਹੋਏ ਸਰਕਾਰ ਅਤੇ ਸਿਹਤ ਵਿਭਾਗ ਦੇ ਨਿਯਮਾਂ ਨੂੰ ਅੱਖਾਂ ਪਰੋਖੇ ਕਰ ਰਹੇ ਹਨ।
ਐੱਸ. ਪੀ. ਵਿਰਕ ਨੇ ਦੱਸਿਆ ਕਿ ਅੱਜ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਕ ਕੈਮਿਸਟ ਸ਼ਾਪ ਵਿਚ ਲਾਇਸੈਂਸਧਾਰਕ ਖੁਦ ਹਾਜ਼ਰ ਨਹੀਂ ਸੀ ਅਤੇ ਦੁਕਾਨ ਦਾ ਮਾਲਕ ਮੌਜੂਦ ਸੀ ਅਤੇ ਗਾਹਕਾਂ ਨੂੰ ਦਵਾਈਆਂ ਦੇ ਰਿਹਾ ਸੀ, ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਮੌਜੂਦ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਸੰਗਰੂਰ-1 ਅਤੇ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਕਿ ਸਬੰਧਿਤ ਫਾਰਮਾਸਿਸਟ ਦੀ ਦੁਕਾਨ ’ਚੋਂ ਗੈਰ-ਹਾਜ਼ਰੀ ਸਬੰਧੀ ਪਿਛਲੇ ਦਿਨਾਂ ਦੇ ਵੇਰਵੇ ਇਕੱਤਰ ਕੀਤੇ ਜਾਣ ਤਾਂ ਜੋ ਲਾਇਸੈਂਸ ਕੈਂਸਲ ਕਰਨ ਸਬੰਧੀ ਕੰਪੀਟੈਂਟ ਅਥਾਰਟੀ ਨੂੰ ਸੂਚਿਤ ਕਰ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਡੀ. ਐੱਸ. ਪੀ. ਸੁਖਦੇਵ ਸਿੰਘ ਨੇ ਕਿਹਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਅਤੇ ਨਸ਼ਿਆਂ ਦੀ ਵਿਕਰੀ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *