ਸਮਾਣਾ :- ‘ਯੁੱਧ ਨਸ਼ਿਆਂ ਵਿਰੁੱਧ’ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਐੱਸ. ਡੀ. ਐੱਮ. ਤਰਸੇਮ ਚੰਦ ਦੀ ਅਗਵਾਈ ਹੇਠ ਸ਼ਕਤੀ ਵਾਟਿਕਾ ’ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਅਚਨਚੇਤ ਛਾਪੇਮਾਰੀ ਕਰ ਕੇ ਬਰੀਕੀ ਨਾਲ ਚੈਕਿੰਗ ਕੀਤੀ। ਉਨ੍ਹਾਂ ਨਾਲ ਡੀ. ਐੱਸ. ਪੀ. ਗੁਰਇਕਬਾਲ ਸਿੰਘ ਸਿੰਕਦ, ਸਿਟੀ ਥਾਣਾ ਮੁਖੀ ਰੌਣੀ ਸਿੰਘ, ਸਿਵਲ ਹਸਪਤਾਲ ਦੇ ਡਾ. ਗਗਨਪ੍ਰੀਤ ਸਿੰਘ ਅਤੇ ਡਾ. ਪਰਮਿੰਦਰ ਸਿੰਘ ਵੀ ਸ਼ਾਮਲ ਸਨ।
ਨਸ਼ਾ ਛੁਡਾਉ ਕੇਂਦਰ ’ਚ ਚੈਕਿੰਗ ਉਪਰੰਤ ਐੱਸ. ਡੀ. ਐੱਮ. ਤਰਸੇਮ ਚੰਦ ਨੇ ਕਿਹਾ ਕਿ ਸਰਕਾਰ ਵੱਲੋਂ ਛੇਡ਼ੀ ਨਸ਼ਿਆਂ ਵਿਰੱੁਧ ਮੁਹਿੰਮ ਤਹਿਤ ਪੁਲਸ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਜਿਹਡ਼ੇ ਵੀ ਨੌਜਵਾਨ ਆਪਣੇ ਰਸਤੇ ਤੋਂ ਭਟਕ ਕੇ ਨਸ਼ਿਆਂ ਦੇ ਚੁੰਗਲ ’ਚ ਫਸ ਚੁੱਕੇ ਹਨ, ਉਨ੍ਹਾਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਪੰਜਾਬ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਜਿਹਡ਼ੇ ਨੌਜਵਾਨ ਮੁੱਖ ਧਾਰਾ ’ਚ ਆਉਣਗੇ, ਉਨ੍ਹਾਂ ਨੂੰ ਸਰਕਾਰ ਵੱਲੋਂ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਟ੍ਰੇਨਿੰਗ ਦੇਣ ਤੋਂ ਇਲਾਵਾ ਬੈਂਕਾ ’ਚੋਂ ਘੱਟ ਵਿਆਜ ’ਤੇ ਕਰਜ਼ਾ ਵੀ ਮਿਲੇਗਾ।
ਇਸ ਮੌਕੇ ਨਸ਼ਾ ਛੁਡਾਊ ਕੇਂਦਰ ਦੇ ਡਾ. ਰੋਹਨ ਕਾਲਰਾ ਨੇ ਦੱਸਿਆ ਕਿ 2019 ਤੋਂ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਰੋਜ਼ਾਨਾ 100 ਤੋਂ 120 ਲੋਕ ਦਵਾਈ ਲੈਣ ਆ ਰਹੇ ਹਨ। ਇਨ੍ਹਾਂ ’ਚੋਂ 4-5 ਪੁਰਾਣੇ ਲੋਕ ਦਵਾਈ ਲੈਣਾ ਛੱਡ ਜਾਂਦੇ ਹਨ ਅਤੇ ਇੰਨੇ ਹੀ ਨਵੇਂ ਲੋਕ ਆ ਜਾਂਦੇ ਹਨ।
ਇਸ ਮੌਕੇ ਸਿਵਲ ਹਸਪਤਾਲ ਦੇ ਡਾ. ਗਗਨਪ੍ਰੀਤ ਸਿੰਘ ਅਤੇ ਡਾ. ਪਰਮਿੰਦਰ ਸਿੰਘ ਨੇ ਹਸਪਤਾਲ ਵਿਚ ਪੂਰੀਆਂ ਸਹੂਲਤਾਂ ਹੋਣ ਅਤੇ ਕੋਈ ਵੀ ਗੈਰ-ਕਾਨੂੰਨੀ ਦਵਾਈ ਨਾ ਮਿਲਣ ਦੀ ਪੁਸ਼ਟੀ ਕੀਤੀ।
