ਕਰਾਸ ਫਾਇਰਿੰਗ ਵਿਚ ਇਕ ਮੁਲਜ਼ਮ ਜ਼ਖਮੀ, 2 ਗ੍ਰਿਫਤਾਰ
ਤਰਨਤਾਰਨ ਵਿਚ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸਾਥੀਆਂ ਅਤੇ ਪੁਲਿਸ ਵਿਚਕਾਰ ਹੋਏ ਮੁਕਾਬਲੇ ਵਿਚ ਇਕ ਮੁਲਜ਼ਮ ਜ਼ਖਮੀ ਹੋ ਗਿਆ, ਜਦੋਂ ਕਿ 2 ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬੀਤੀ ਦੇਰ ਰਾਤ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਖਬੀਰ ਦੇ ਸਾਥੀ ਇਲਾਕੇ ਵਿਚ ਕੋਈ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਹਨ। ਪਿੰਡ ਭੁੱਲਰ ਨੇੜੇ ਪੁਲਿਸ ਨੇ ਨਾਕਾਬੰਦੀ ਕਰ ਲਈ ਸੀ। ਜਦੋਂ ਪੁਲਿਸ ਨੇ ਕਾਰ ਵਿਚ ਸਵਾਰ ਸ਼ੱਕੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਗੈਂਗਸਟਰਾਂ ਦਾ ਇਕ ਸਾਥੀ ਜਸਕਰਨ ਸਿੰਘ ਜ਼ਖਮੀ ਹੋ ਗਿਆ। ਉਸਦੇ ਸਾਥੀਆਂ ਹਰਮੰਦਿਰ ਸਿੰਘ ਅਤੇ ਹਰਮਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜ਼ਖਮੀ ਨੂੰ ਸਿਵਲ ਹਸਪਤਾਲ ਵਿਚ ਕਰਵਾਇਆ ਦਾਖਲ
ਗੋਇੰਦਵਾਲ ਸਾਹਿਬ ਦੇ ਡੀ. ਐਸ. ਪੀ. ਅਤੁਲ ਸੋਨੀ ਅਨੁਸਾਰ ਜ਼ਖਮੀ ਜਸਕਰਨ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਕੋਲੋਂ ਇਕ ਪਾਕਿਸਤਾਨੀ ਬਣੀ 9 ਐਮ. ਐਮ. ਪਿਸਤੌਲ, 2 ਮੈਗਜ਼ੀਨ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਇਹ ਅਪਰਾਧ ਗੈਂਗਸਟਰ ਲਖਬੀਰ ਸਿੰਘ, ਜੋ ਕਿ ਵਿਦੇਸ਼ ਵਿਚ ਰਹਿ ਰਿਹਾ ਹੈ, ਦੇ ਨਿਰਦੇਸ਼ਾਂ ‘ਤੇ ਕੀਤੇ ਸਨ।
ਜ਼ਿਕਰਯੋਗ ਹੈ ਕਿ ਲਗਭਗ 15 ਦਿਨ ਪਹਿਲਾਂ ਇਨ੍ਹਾਂ ਹੀ ਲੋਕਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਕਸਬੇ ਨੇੜੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਸਤਨਾਮ ਸਿੰਘ ਸੱਤਾ ‘ਤੇ ਗੋਲੀਆਂ ਚਲਾਈਆਂ ਸਨ।
24 ਘੰਟਿਆਂ ਵਿਚ ਦੂਜਾ ਮੁਕਾਬਲਾ
ਜ਼ਿਕਰਯੋਗ ਹੈ ਕਿ ਤਰਨਤਾਰਨ ਵਿਚ 24 ਘੰਟਿਆਂ ਦੇ ਅੰਦਰ ਦੂਜੇ ਮੁਕਾਬਲਾ ਦੀ ਖਬਰ ਆ ਰਹੀ ਹੈ, ਜਿਸ ਵਿਚ ਇਕ ਅਪਰਾਧੀ ਦੇ ਗੰਭੀਰ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਵਿੱਚ ਪੁਲਿਸ ਅਤੇ ਅਪਰਾਧੀ ਵਿਚਕਾਰ ਮੁਕਾਬਲਾ ਹੋਇਆ ਹੈ ਜਿਸ ਵਿੱਚ ਕਰਾਸ ਫਾਇਰਿੰਗ ਦੌਰਾਨ ਜਗਜੀਤ ਸਿੰਘ ਜੱਗਾ ਨਾਮਕ ਅਪਰਾਧੀ ਨੂੰ ਗੋਲੀ ਲੱਗ ਗਈ। ਜ਼ਖਮੀ ਅਪਰਾਧੀ ਨੂੰ ਹਸਪਤਾਲ ਲਿਜਾਇਆ ਗਿਆ ਹੈ।
