ਸ਼ੇਰਾਂ ਦੀਆਂ ਖਿੱਚੀਆਂ ਤਸਵੀਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨੀਂ ਦਿਨੀਂ ਗੁਜਰਾਤ ਦੌਰੇ ‘ਤੇ ਹਨ। ਉਨ੍ਹਾਂ ਨੇ ਸੋਮਵਾਰ ਸਵੇਰੇ ਵਿਸ਼ਵ ਜੰਗਲੀ ਜੀਵ ਦਿਵਸ ਦੇ ਮੌਕੇ ‘ਤੇ ਜੂਨਾਗੜ੍ਹ ਜ਼ਿਲੇ ਦੇ ਗਿਰ ਵਾਈਲਡਲਾਈਫ਼ ਸੈਂਚੁਰੀ ‘ਚ ਜੰਗਲ ਸਫ਼ਾਰੀ ਦਾ ਆਨੰਦ ਲਿਆ। ਸੋਮਨਾਥ ਤੋਂ ਆਉਣ ਤੋਂ ਬਾਅਦ ਪੀ. ਐੱਮ. ਮੋਦੀ ਨੇ ਸਾਸਨ ਦੇ ਜੰਗਲੀ ਗੈਸਟ ਹਾਊਸ ‘ਸਿੰਘ ਸਦਨ’ ‘ਚ ਰਾਤ ਗੁਜ਼ਾਰੀ।
ਬੀਤੀ ਸ਼ਾਮ ਨੂੰ ਉਨ੍ਹਾਂ ਨੇ ਸੋਮਨਾਥ ਮੰਦਰ ‘ਚ ਭਗਵਾਨ ਸ਼ਿਵ ਦੀ ਪੂਜਾ ਕੀਤੀ। ਇਹ 12 ਜਯੋਤਿਰਲਿੰਗਾਂ ਵਿਚੋਂ ਪਹਿਲਾ ਜਯੋਤਿਰਲਿੰਗ ਹੈ। ਪ੍ਰਧਾਨ ਮੰਤਰੀ ਕੁਝ ਮੰਤਰੀਆਂ ਅਤੇ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ‘ਸਿੰਘ ਸਦਨ’ ਤੋਂ ਜੰਗਲ ਸਫ਼ਾਰੀ ‘ਚ ਗਏ। ਪ੍ਰਧਾਨ ਮੰਤਰੀ ਗਿਰ ਵਾਈਲਡ ਲਾਈਫ਼ ਸੈਂਚੁਰੀ ਦੇ ਮੁੱਖ ਦਫ਼ਤਰ ਸਾਸਨ ਗਿਰ ਵਿਖੇ ਨੈਸ਼ਨਲ ਬੋਰਡ ਫ਼ਾਰ ਵਾਈਲਡ ਲਾਈਫ਼ (ਐੱਨ. ਬੀ. ਡਬਲਿਊ. ਐੱਲ.) ਦੀ ਸੱਤਵੀਂ ਮੀਟਿੰਗ ਦੀ ਪ੍ਰਧਾਨਗੀ ਵੀ ਕਰਨਗੇ।
NBWL ਦੇ 47 ਮੈਂਬਰ ਹਨ, ਜਿਨ੍ਹਾਂ ਵਿਚ ਸੈਨਾ ਮੁਖੀ, ਵੱਖ-ਵੱਖ ਰਾਜਾਂ ਦੇ ਮੈਂਬਰ, ਖੇਤਰ ਵਿਚ ਕੰਮ ਕਰਨ ਵਾਲੀਆਂ ਗ਼ੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ, ਮੁੱਖ ਜੰਗਲੀ ਜੀਵ ਵਾਰਡਨ ਅਤੇ ਵੱਖ-ਵੱਖ ਰਾਜਾਂ ਦੇ ਸਕੱਤਰ ਸ਼ਾਮਲ ਹਨ। ਮੀਟਿੰਗ ਤੋਂ ਬਾਅਦ ਪੀ. ਐੱਮ. ਮੋਦੀ ਸਾਸਨ ਵਿਚ ਕੁਝ ਮਹਿਲਾ ਜੰਗਲਾਤ ਕਰਮਚਾਰੀਆਂ ਨਾਲ ਵੀ ਗੱਲਬਾਤ ਕਰਨਗੇ।



