ਤਿੰਨ ਬੱਚਿਆਂ ਦੀ ਮੌਤ, ਇਕ ਦੀ ਹਾਲਤ ਨਾਜ਼ੁਕ
ਬਿਹਾਰ ਦੇ ਆਰਾ ਜ਼ਿਲ੍ਹੇ ਤੋਂ ਬਹੁਤ ਦਰਦਨਾਕ ਘਟਨਾ ਸਾਹਮਣੇ ਆਈ ਹੈ, ਬੀਹੀਆ ਥਾਣਾ ਖੇਤਰ ਦੇ ਬੇਲਵਾਨੀਆ ਪਿੰਡ ਵਿਚ ਪਤਨੀ ਦੀ ਮੌਤ ਤੋਂ ਪ੍ਰੇਸ਼ਾਨ ਪਤੀ ਨੇ ਬੀਤੀ ਸ਼ਾਮ ਪਹਿਲਾਂ ਆਪਣੇ ਚਾਰ ਬੱਚਿਆਂ ਨੂੰ ਦੁੱਧ ’ਚ ਜ਼ਹਿਰ ਮਿਲਾ ਕੇ ਦੇ ਦਿੱਤਾ ਅਤੇ ਬਾਅਦ ਵਿਚ ਖੁਦ ਵੀ ਜ਼ਹਿਰੀਲਾ ਦੁੱਧ ਪੀ ਲਿਆ। ਇਸ ਦਰਦਨਾਕ ਹਾਦਸੇ ’ਚ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੀ ਪਤਨੀ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਤਣਾਅ ’ਚ ਰਹਿੰਦਾ ਸੀ। ਇਸੇ ਨਿਰਾਸ਼ਾ ’ਚ ਹੀ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾਂ ਵਿਚ ਬੀਹੀਆ ਥਾਣਾ ਖੇਤਰ ਦੇ ਪਿੰਡ ਬੇਲਵਾਨੀਆ ਵਾਸੀ ਅਰਵਿੰਦ ਕੁਮਾਰ ਦੀ 13 ਸਾਲਾ ਬੇਟੀ ਨੰਦਨੀ ਕੁਮਾਰੀ, 5 ਸਾਲਾ ਪੁੱਤਰੀ ਪਲਕ ਕੁਮਾਰੀ ਅਤੇ 7 ਸਾਲਾ ਪੁੱਤਰ ਟੋਨੀ ਕੁਮਾਰ ਸ਼ਾਮਲ ਹਨ।
ਅਰਵਿੰਦ ਕੁਮਾਰ ਅਤੇ ਉਸ ਦਾ ਲੜਕਾ ਆਦਰਸ਼ ਕੁਮਾਰ ਗੰਭੀਰ ਹਾਲਤ ਵਿਚ ਆਰਾ ਸ਼ਹਿਰ ਦੇ ਬਾਬੂ ਬਾਜ਼ਾਰ ਸਥਿਤ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਿਸ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
