ਲਾਹੌਰ, 23 ਦਸੰਬਰ : ਸਾਲ 2024 ਵਿਚ ਪੰਜਾਬ ਸੂਬੇ ’ਚੋਂ 597 ਅਣਪਛਾਤੀਆਂ ਲਾਸ਼ਾਂ ਮਿਲਣ ਕਾਰਨ ਪੂਰੇ ਪਾਕਿਸਤਾਨ ’ਚ ਪੰਜਾਬ ਪਹਿਲੇ ਸਥਾਨ ’ਤੇ ਰਿਹਾ, ਜੋ ਪਾਕਿਸਤਾਨੀ ਸੂਬੇ ਪੰਜਾਬ ਲਈ ਬੇਚੈਨੀ ਦਾ ਕਾਰਨ ਬਣ ਗਿਆ।
ਜਾਣਕਾਰੀ ਅਨੁਸਾਰ ਈਧੀ ਫਾਊਂਡੇਸ਼ਨ ਲਾਹੌਰ ਨੇ 2024 ’ਚ 597 ਅਣਪਛਾਤੀਆਂ ਲਾਸ਼ਾਂ ਦੀ ਬਰਾਮਦਗੀ ਦੀ ਰਿਪੋਰਟ ਕੀਤੀ ਹੈ। ਇਨ੍ਹਾਂ ’ਚੋਂ 547 ਨੂੰ ਲਾਵਾਰਿਸ ਦਫ਼ਨਾਇਆ ਗਿਆ ਸੀ, ਜਦੋਂ ਕਿ ਸਿਰਫ਼ 350 ਦੀ ਪਛਾਣ ਬਾਅਦ ’ਚ ਬਾਇਓਮੈਟ੍ਰਿਕ ਰਿਕਾਰਡ ਰਾਹੀਂ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ ਸੀ। ਜਿਨ੍ਹਾਂ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਕੀਤੀ ਗਈ, ਉਨ੍ਹਾਂ ’ਚੋਂ 19 ਹਿੰਦੂ ਅਤੇ 11 ਈਸਾਈ ਭਾਈਚਾਰੇ ਦੀਆਂ ਸਨ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਕਬਰਾਂ ’ਚੋਂ ਕੱਢ ਕੇ ਉਨ੍ਹਾਂ ਦੇ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ।
ਇਕੱਲੇ ਜੂਨ ਵਿਚ ਬਰਾਮਦ ਹੋਈਆਂ ਲਾਸ਼ਾਂ ਦੀ ਗਿਣਤੀ 78 ਤੋਂ ਵਧ ਕੇ ਜੁਲਾਈ ਵਿਚ 82 ਹੋ ਗਈ ਹੈ। ਇਨ੍ਹਾਂ ’ਚੋਂ ਬਹੁਤ ਸਾਰੇ ਮਾਮਲੇ ਘੱਟ ਗਿਣਤੀ ਭਾਈਚਾਰੇ ਦੇ ਵਿਅਕਤੀਆਂ ਨਾਲ ਸਬੰਧਤ ਹਨ। ਜਦੋਂਕਿ ਹਿੰਦੂ ਭਾਈਚਾਰੇ ਦੀਆਂ 9 ਲੜਕੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।