ਪਟਵਾਰੀ ਨਾਲ ਬਤੌਰ ਸਹਾਇਕ ਕਰਦਾ ਸੀ ਕੰਮ
Ferozepur news : ਜ਼ਿਲਾ ਫਿਰੋਜ਼ਪੁਰ ਸ਼ਹਿਰ ਦੀ ਕੇ. ਵੀ. ਐੱਮ. ਕਾਲੋਨੀ ’ਚ ਇਕ ਨੌਜਵਾਨ ਦੀ ਖ਼ੂਨ ਨਾਲ ਭਿੱਜੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਦਿਆਲ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਪਿੰਡ ਅਲੀਕੇ ਵਜੋਂ ਹੋਈ ਹੈ, ਜੋ ਕਰਿਆਨਾ ਦੁਕਾਨਦਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਬੀਤੇ 8-10 ਸਾਲ ਤੋਂ ਉਹ ਮਾਲ ਪਟਵਾਰੀ ਨਾਲ ਬਤੌਰ ਸਹਾਇਕ ਵੀ ਕੰਮ ਕਰਦਾ ਆ ਰਿਹਾ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਿਸ ਪ੍ਰਸ਼ਾਸਨ ਸਥਾਨਕ ਕੇ. ਵੀ. ਐੱਮ. ਕਾਲੋਨੀ ਪਹੁੰਚ ਗਿਆ ਤੇ ਲੋੜੀਂਦੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ। ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਜੀਤੂ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਦਿਆਲ ਸਿੰਘ ਘਰ ਨਹੀਂ ਆਇਆ ਤਾਂ ਉਸਦੀ ਭਾਲ ਕੀਤੀ ਗਈ। ਇਸ ’ਤੇ ਸਵੇਰੇ ਪਤਾ ਲੱਗਿਆ ਕਿ ਸ਼ਹਿਰ ਦੀ ਕੇ. ਵੀ. ਐੱਮ. ਕਾਲੋਨੀ ’ਚ ਖ਼ੂਨ ਨਾਲ ਭਿੱਜੀ ਲਾਸ਼ ਪਈ ਹੋਈ ਹੈ। ਜਦੋਂ ਉਹ ਉਥੇ ਮੌਕੇ ’ਤੇ ਪਹੁੰਚੇ ਤਾਂ ਉਹ ਲਾਸ਼ ਉਨ੍ਹਾਂ ਦੇ ਆਪਣੇ ਦਿਆਲ ਸਿੰਘ ਦੀ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਇਹ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਹੋਇਆ ਕਤਲ ਲੱਗ ਰਿਹਾ ਹੈ।