ਨਸ਼ਾ ਸਮੱਗਲਰ ਦੀ ਕੋਠੀ ’ਤੇ ਚੱਲਿਆ ਪੁਲਿਸ ਦਾ ਪੀਲਾ ਪੰਜਾ

ਸਾਡੇ ਲਈ ਸਾਡੇ ਬੱਚੇ, ਸਾਡੀ ਜਵਾਨੀ ਨੂੰ ਸੰਭਾਲਣਾ ਬੇਹੱਦ ਜ਼ਰੂਰੀ : ਐੱਸ. ਐੱਸ. ਪੀ. ਮੀਰ

ਬਟਾਲਾ – : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਅੱਜ ਬਟਾਲਾ ਪੁਲਿਸ ਨੇ ਨਸ਼ਾ ਸਮੱਗਲਰ ਜੀਵਨ ਕੁਮਾਰ ਵਾਸੀ ਗਾਂਧੀ ਨਗਰ ਕੈਂਪ ਬਟਾਲਾ ਦੀ ਕੋਠੀ, ਜੇ. ਸੀ. ਬੀ. ਮਸ਼ੀਨਾਂ ਲਗਾ ਕੇ ਢਾਹ ਦਿੱਤੀ ਗਈ।
ਇਸ ਮੌਕੇ ਬਟਾਲਾ ਦੇ ਐੱਸ. ਐੱਸ. ਪੀ., ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਇਸ ਨਸ਼ਾ ਸਮੱਗਲਰ ਦੇ ਖਿਲਾਫ਼ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਰ ਜੀਵਨ ਕੁਮਾਰ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਤਿੰਨ ਪਰਚੇ ਦਰਜ ਹਨ। ਇਸ ’ਤੇ ਲੱਗੀਆਂ ਧਰਾਵਾਂ ਅਤੇ ਇਸ ਦੀ ਕੇਸ ਹਿਸਟਰੀ ਤੋਂ ਸਪੱਸ਼ਟ ਹੈ ਕਿ ਇਹ ਨਸ਼ਾ ਸਮੱਗਲਿੰਗ ਦੇ ਧੰਦੇ ’ਚ ਲੰਮੇ ਸਮੇਂ ਤੋਂ ਸ਼ਾਮਲ ਹਨ।
ਐੱਸ. ਐੱਸ. ਪੀ. ਨੇ ਨਸ਼ਾ ਸਮੱਗਲਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ’ਚ ਸ਼ਾਮਲ ਹੈ, ਉੁਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਠੋਸ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਮੁੱਖ ਧਾਰਾ ’ਚ ਆ ਨਹੀਂ ਜਾਂਦੇ ਜਾਂ ਉਹ ਪੰਜਾਬ ਛੱਡ ਕੇ ਪੰਜਾਬ ਤੋਂ ਬਾਹਰ ਚਲੇ ਨਹੀਂ ਜਾਂਦੇ।
ਐੱਸ. ਐੱਸ. ਪੀ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵੱਲੋਂ ਇਸ ਬਾਬਤ ਸਪੱਸ਼ਟ ਹਦਾਇਤਾਂ ਹਨ ਕਿ ਜੋ ਵੀ ਵਿਅਕਤੀ ਨਸ਼ਾ ਸਮੱਗਲਿੰਗ ਦੇ ਧੰਦੇ ’ਚ ਸ਼ਾਮਲ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਐੱਸ. ਐੱਸ. ਪੀ. ਨੇ ਕਿਹਾ ਕਿ ਸਾਡੇ ਲਈ ਸਾਡੇ ਬੱਚੇ, ਸਾਡੀ ਜਵਾਨੀ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ, ਜੋ ਕਿ ਇਨ੍ਹਾਂ ਸਮੱਗਲਰਾਂ ਦੇ ਘਟੀਆ ਕੰਮਾਂ ਕਾਰਨ ਨਸ਼ੇ ਦੀ ਚੇਟਕ ਨਾਲ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ।
ਇਸ ਮੌਕੇ ਤੇਜਿੰਦਰਪਾਲ ਸਿੰਘ ਗੁਰਾਇਆ ਡੀ. ਐੱਸ. ਪੀ. (ਐੱਚ.), ਹਰੀਸ਼ ਬਹਿਲ ਡੀ. ਐੱਸ. ਪੀ., ਨਾਰੋਕੈਟਿਕ ਸੈੱਲ, ਐੱਸ. ਐੱਚ. ਓ. ਸਿਵਲ ਲਾਈਨ ਗੁਰਦੇਵ ਸਿੰਘ, ਐੱਸ. ਐੱਚ. ਓ. ਸਿਟੀ ਸੁਖਜਿੰਦਰ ਸਿੰਘ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਸਨ।

Leave a Reply

Your email address will not be published. Required fields are marked *