ਪਲੇਟਫਾਰਮ ਬਦਲਣ ਕਾਰਨ ਮਚੀ ਭਗਦੜ
ਨਵੀਂ ਦਿੱਲੀ – 15 ਫਰਵਰੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ ਵਿਚ 20 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਹਾਦਸੇ ਤੋਂ ਬਾਅਦ ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਨੇ ਇਕ ਰਿਪੋਰਟ ਤਿਆਰ ਕੀਤੀ ਹੈ ਕਿ ਹਾਦਸਾ ਕਿਵੇਂ ਅਤੇ ਕਿਉਂ ਹੋਇਆ। ਰਿਪੋਰਟ ਅਨੁਸਾਰ ਇਸ ਹਾਦਸੇ ਵਿਚ 20 ਲੋਕਾਂ ਦੀ ਮੌਤ ਹੋ ਗਈ ਹੈ।
ਰਾਤ 8 ਵਜੇ ਪਲੇਟਫਾਰਮ ਨੰਬਰ 12 ਤੋਂ ਸ਼ਿਵਗੰਗਾ ਐਕਸਪ੍ਰੈਸ ਦੇ ਰਵਾਨਾ ਹੋਣ ਤੋਂ ਬਾਅਦ ਪਲੇਟਫਾਰਮ ‘ਤੇ ਯਾਤਰੀਆਂ ਦੀ ਭਾਰੀ ਭੀੜ ਇਕੱਠੀ ਹੋਣ ਲੱਗੀ। ਪਲੇਟਫਾਰਮ ਨੰਬਰ 12, 13, 14, 15, 16 ਵੱਲ ਜਾਣ ਵਾਲੇ ਰਸਤੇ ਪੂਰੀ ਤਰ੍ਹਾਂ ਜਾਮ ਹੋ ਗਏ।
ਰਿਪੋਰਟ ਦੇ ਅਨੁਸਾਰ ਆਰ. ਪੀ. ਐੱਫ. ਇੰਸਪੈਕਟਰ ਨੇ ਸਟੇਸ਼ਨ ਡਾਇਰੈਕਟਰ ਨੂੰ ਵਿਸ਼ੇਸ਼ ਰੇਲਗੱਡੀ ਜਲਦੀ ਚਲਾਉਣ ਦੀ ਸਲਾਹ ਦਿੱਤੀ। ਇੰਸਪੈਕਟਰ ਨੇ ਰੇਲਵੇ ਟੀਮ, ਜੋ ਕਿ ਪ੍ਰਯਾਗਰਾਜ ਲਈ ਪ੍ਰਤੀ ਘੰਟਾ 1500 ਟਿਕਟਾਂ ਵੇਚ ਰਹੀ ਸੀ, ਨੂੰ ਤੁਰੰਤ ਟਿਕਟਾਂ ਵੇਚਣਾ ਬੰਦ ਕਰਨ ਲਈ ਕਿਹਾ।
ਰਾਤ 8:45 ਵਜੇ ਇਹ ਐਲਾਨ ਕੀਤਾ ਕਿ ਪ੍ਰਯਾਗਰਾਜ ਲਈ ਕੁੰਭ ਸਪੈਸ਼ਲ ਟ੍ਰੇਨ ਪਲੇਟਫਾਰਮ ਨੰਬਰ 12 ਤੋਂ ਰਵਾਨਾ ਹੋਵੇਗੀ ਪਰ ਕੁਝ ਸਮੇਂ ਬਾਅਦ ਸਟੇਸ਼ਨ ‘ਤੇ ਦੁਬਾਰਾ ਐਲਾਨ ਕੀਤਾ ਕਿ ਕੁੰਭ ਸਪੈਸ਼ਲ ਟ੍ਰੇਨ ਪਲੇਟਫਾਰਮ ਨੰਬਰ 16 ਤੋਂ ਰਵਾਨਾ ਹੋਵੇਗੀ, ਜਿਸ ਤੋਂ ਬਾਅਦ ਯਾਤਰੀਆਂ ਵਿਚ ਭਗਦੜ ਦੀ ਸਥਿਤੀ ਪੈਦਾ ਹੋ ਗਈ।
ਝੜਪ ਤੋਂ ਬਾਅਦ ਭਗਦੜ ਮਚੀ
ਇਹ ਐਲਾਨ ਸੁਣਦੇ ਹੀ ਪ੍ਰਯਾਗਰਾਜ ਸਪੈਸ਼ਲ ਦੇ ਯਾਤਰੀ ਪਲੇਟਫਾਰਮ 12-13 ਅਤੇ 14-15 ਤੋਂ ਪੌੜੀਆਂ ਰਾਹੀਂ ਫੁੱਟ ਓਵਰ ਬ੍ਰਿਜ 2 ਅਤੇ 3 ‘ਤੇ ਚੜ੍ਹਨ ਲਈ ਭੱਜੇ। ਇਸ ਦੌਰਾਨ ਇਕ ਹੋਰ ਰੇਲਗੱਡੀ ਦੇ ਯਾਤਰੀ ਪੌੜੀਆਂ ਤੋਂ ਹੇਠਾਂ ਉਤਰ ਰਹੇ ਸੀ ਅਤੇ ਉਨ੍ਹਾਂ ਵਿਚਕਾਰ ਧੱਕਾ-ਮੁੱਕੀ ਹੋਈ, ਜਿਸ ਕਾਰਨ ਭਗਦੜ ਮਚ ਗਈ। ਇਹ ਹਾਦਸਾ ਰਾਤ 8:48 ਵਜੇ ਵਾਪਰਿਆ।
ਸੂਤਰਾਂ ਅਨੁਸਾਰ ਭਗਦੜ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਿਸ ਪੁਲ ਅਤੇ ਪੌੜੀਆਂ ‘ਤੇ ਭਗਦੜ ਮਚੀ, ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੁਕਸਦਾਰ ਸਨ, ਜਿਸ ਕਾਰਨ ਹਾਦਸੇ ਦੀ ਕੋਈ ਫੁਟੇਜ ਉਪਲਬਧ ਨਹੀਂ ਹੈ। ਹਾਲਾਂਕਿ ਪੌੜੀਆਂ ਦੇ ਪਿਛਲੇ ਪਾਸੇ ਜਿੱਥੇ ਐਸਕੇਲੇਟਰ ਲਗਾਏ ਗਏ ਹਨ, ਸੀ. ਸੀ. ਟੀ. ਵੀ. ਕੈਮਰੇ ਕੰਮ ਕਰ ਰਹੇ ਸਨ।
ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭੀੜ ਪ੍ਰਬੰਧਨ ਲਈ 270 ਆਰ. ਪੀ. ਐਫ. ਕਰਮਚਾਰੀ ਤਾਇਨਾਤ ਹਨ ਪਰ ਉੱਥੇ ਸਿਰਫ਼ 80 ਕਰਮਚਾਰੀ ਡਿਊਟੀ ‘ਤੇ ਸਨ ਕਿਉਂਕਿ ਹੋਰ ਕਰਮਚਾਰੀਆਂ ਨੂੰ ਭੀੜ ਨਿਯੰਤਰਣ ਡਿਊਟੀ ਲਈ ਪ੍ਰਯਾਗਰਾਜ ਭੇਜਿਆ ਗਿਆ ਸੀ।
NDLS ‘ਤੇ ਹਰ ਰੋਜ਼ ਕੀਤੀਆਂ ਜਾਂਦੀਆਂ 7000 ਟਿਕਟਾਂ ਬੁੱਕ
ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ਾਮ 6 ਵਜੇ ਤੋਂ 8 ਵਜੇ ਦੇ ਵਿਚਕਾਰ ਹਰ ਰੋਜ਼ ਔਸਤਨ 7000 ਟਿਕਟਾਂ ਬੁੱਕ ਕੀਤੀਆਂ ਜਾਂਦੀਆਂ ਹਨ। ਹਾਲਾਂਕਿ ਸ਼ਨੀਵਾਰ ਨੂੰ ਇਹ ਗਿਣਤੀ ਵੱਧ ਕੇ 9,600 ਤੋਂ ਵੱਧ ਹੋ ਗਈ, ਜੋ ਕਿ ਜਨਰਲ ਕਲਾਸ ਦੀਆਂ ਟਿਕਟਾਂ ਨਾਲੋਂ 2600 ਵੱਧ ਸੀ। ਟਿਕਟਾਂ ਦੀ ਵਿਕਰੀ ਵਿੱਚ ਵਾਧੇ ਦੇ ਕਾਰਨ, ਅਜਮੇਰੀ ਗੇਟ ਵਾਲੇ ਪਲੇਟਫਾਰਮ ‘ਤੇ ਯਾਤਰੀਆਂ ਦੀ ਗਿਣਤੀ ਵਧ ਗਈ, ਜਿੱਥੇ ਪ੍ਰਯਾਗਰਾਜ ਸਮੇਤ ਪੂਰਬ ਵੱਲ ਜਾਣ ਵਾਲੀਆਂ ਕਈ ਰੇਲਗੱਡੀਆਂ ਦਾ ਸਮਾਂ ਨਿਰਧਾਰਤ ਸੀ।
ਅਜਮੇਰੀ ਗੇਟ ਵੱਲ ਜਾਣ ਵਾਲੇ ਪਲੇਟਫਾਰਮ ‘ਤੇ ਆਮ ਤੌਰ ‘ਤੇ ਭਾਰੀ ਭੀੜ ਹੁੰਦੀ ਹੈ, ਭਾਵੇਂ ਕੁੰਭ ਦੀ ਭੀੜ ਨਾ ਹੋਵੇ। ਹੋਲੀ, ਦੀਵਾਲੀ, ਛੱਠ ਅਤੇ ਦੁਰਗਾ ਪੂਜਾ ਵਰਗੇ ਤਿਉਹਾਰਾਂ ਦੇ ਮੌਸਮਾਂ ਦੌਰਾਨ ਅਜਿਹੇ ਵਾਧੇ ਆਮ ਹਨ।
