ਜੇ. ਸੀ. ਬੀ. ਨਾਲ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ
ਫਰੀਦਕੋਟ :- ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਗਰ ਕੌਂਸਲ ਫਰੀਦਕੋਟ ਵੱਲੋਂ ਸ਼ਹਿਰ ਅੰਦਰ ਹੋਏ ਨਾਜਾਇਜ਼ ਕਬਜ਼ੇ ਹਟਾਏ ਗਏ। ਸਥਾਨਕ ਵਾਲਮੀਕਿ ਚੌਕ ਤੋਂ ਲੈ ਕੇ ਐੱਚ. ਡੀ. ਐੱਫ. ਸੀ. ਬੈਂਕ ਤੱਕ ਨਗਰ ਕੌਂਸਲ ਕਾਰਜ ਸਾਧਕ ਅਫ਼ਸਰ ਅਮ੍ਰਿਤ ਲਾਲ ਗੋਇਲ ਦੀ ਅਗਵਾਈ ’ਚ ਨਗਰ ਕੌਂਸਲ ਦੀ ਸਮੁੱਚੀ ਟੀਮ ਤੇ ਸਫ਼ਾਈ ਕਰਮਚਾਰੀਆਂ ਸਹਿਯੋਗ ਨਾਲ ਜੇਸੀਬੀ ਨਾਲ ਦੁਕਾਨਾਂ ਦੇ ਅੱਗੇ ਬਣੇ ਸ਼ੈੱਡ ਤੇ ਗਲੀ ਦੇ ਰਸਤੇ ਨੂੰ ਕਈ ਹੋਰ ਤਰੀਕਿਆਂ ਨਾਲ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਲਈ ਵਰਤਿਆ ਗਿਆ ਸਾਮਾਨ ਨੂੰ ਨਗਰ ਕੌਂਸਲ ਸਫ਼ਾਈ ਕਰਮਚਾਰੀਆਂ ਵੱਲੋਂ ਚੁੱਕ ਕੇ ਟਰਾਲੀਆਂ ’ਚ ਸੁੱਟਿਆ ਗਿਆ।
ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਅੰਮ੍ਰਿਤ ਲਾਲ ਗੋਇਲ ਨੇ ਦੱਸਿਆ ਕਿ ਇਨ੍ਹਾਂ ਦੁਕਾਨਾਂ ਤੇ ਬੈਂਕਾਂ ਮੂਹਰੇ ਬਲਬੀਰ ਐਵੀਨਿਊ ਦੀ ਗਲੀ ਸੀ, ਜਿਸ ’ਤੇ ਇਨ੍ਹਾਂ ਨੇ ਨਾਜਾਇਜ਼ ਢੰਗ ਨਾਲ ਸ਼ੈੱਡ ਤੇ ਲੋਹੇ ਦੀਆਂ ਪਾਈਪਾਂ ਤੇ ਚੈਨਲਾਂ ਨਾਲ ਪੱਕੇ ਕਬਜ਼ੇ ਕੀਤੇ ਹੋਏ ਸਨ ਤੇ ਗਲੀ ਦਾ ਰਸਤਾ ਬਿਲਕੁਲ ਰੋਕਿਆ ਹੋਇਆ ਸੀ। ਇਨ੍ਹਾਂ ਕਬਜ਼ਾ ਕਰਨ ਵਾਲਿਆਂ ਨੂੰ ਕੌਂਸਲ ਵੱਲੋਂ ਨੋਟਿਸ ਵੀ ਦਿੱਤੇ ਗਏ ਸਨ ਤੇ ਕਈ ਵਾਰ ਇਨ੍ਹਾਂ ਨੂੰ ਕਬਜ਼ੇ ਹਟਾਉਣ ਸਬੰਧੀ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਵੀ ਕਿਹਾ ਗਿਆ ਸੀ ਪਰ ਇਨ੍ਹਾਂ ਨੇ ਕੀਤੇ ਨਾਜਾਇਜ਼ ਕਬਜ਼ੇ ਗਲੀ ’ਚੋਂ ਨਹੀਂ ਹਟਾਏ, ਜਿਸ ਕਰ ਕੇ ਅੱਜ ਇਸ ਕਾਰਵਾਈ ਨੂੰ ਅਮਲੀਜਾਮਾ ਦਿੰਦੇ ਹੋਏ ਸਖ਼ਤੀ ਕੀਤੀ ਗਈ। ਉਨ੍ਹਾਂ ਨੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਅਪੀਲ ਕੀਤੀ ਮੁੜ ਇੱਥੇ ਨਾਜਾਇਜ਼ ਕਬਜ਼ੇ ਨਾ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਹੁਣ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦਾ ਸਾਮਾਨ ਜ਼ਬਤ ਕਰ ਕੇ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਵੀ ਹੋਵੇਗੀ।
ਇਸ ਮੌਕੇ ਗੁਰਿੰਦਰ ਸਿੰਘ ਸੈਨਟਰੀ ਸੁਪਰਡੈਂਟ, ਸ਼ਮਸ਼ੇਰ ਸਿੰਘ ਸੌਣੀ ਸੈਨਟਰੀ ਇੰਸਪੈਕਟਰ, ਜਤਿੰਦਰ ਕੁਮਾਰ ਜਨਰਲ ਇੰਸਪੈਕਟਰ, ਅਮਨ ਕੁਮਾਰ ਬਿਲਡਿੰਗ ਕਲਰਕ, ਚਰਨਜੀਤ ਸਿੰਘ ਡੋਡ, ਨਿਰਮਲ ਸਿੰਘ, ਸੱਤਪਾਲ ਮਿੱਤਲ ਸਹਾਇਕ, ਕੁਲਦੀਪ ਕਾਂਗੜ ਪ੍ਰਧਾਨ ਕੱਚਾ ਸਫ਼ਾਈ ਸੇਵਕ ਯੂਨੀਅਨ, ਅਸ਼ੋਕ ਕੁਮਾਰ ਸੂਬਾ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਆਦਿ ਹਾਜ਼ਰ ਸਨ।
