ਹਰ ਵਾਰ ਮੌਕਾ ਮਿਲਣ ’ਤੇ ਵਿਸ਼ਵ ਪੱਧਰ ’ਤੇ ਲੜਕੀਆਂ ਨੇ ਨਾਮਣਾ ਖੱਟਿਆ : ਰਾਜਬੀਰ ਕੌਰ ਕਲਸੀ
ਲੋਕ ਗਾਇਕਾ ਗੁਰਲੇਜ਼ ਅਖ਼ਤਰ ਵੱਲੋਂ ਲੋਕ ਗੀਤਾਂ ਦੀ ਕੀਤੀ ਗਈ ਸ਼ਾਨਦਾਰ ਪੇਸ਼ਕਾਰੀ
ਬਟਾਲਾ : ਰਾਜਬੀਰ ਕੌਰ ਕਲਸੀ ਪਤਨੀ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਉਸਮਾਨਪੁਰ ਸਿਟੀ ਬਟਾਲਾ ਵਿਖੇ ‘ਧੀਆਂ ਦੀ ਲੋਹੜੀ’ ਮਨਾਉਣ ਲਈ ਕਰਵਾਇਆ ਸਮਾਗਮ ਯਾਦਗਰੀ ਹੋ ਨਿਬੜਿਆ। ਇਸ ਮੌਕੇ ਨਵਜੰਮੀਆਂ ਬੱਚੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਸਨਾਮਨਿਤ ਕੀਤਾ ਗਿਆ।
‘ਧੀਆਂ ਦੀ ਲੋਹੜੀ’ ਸਮਾਗਮ ਸਬੰਧੀ ਗੱਲ ਕਰਦਿਆਂ ਰਾਜਬੀਰ ਕੌਰ ਕਲਸੀ ਨੇ ਕਿਹਾ ਕਿ ਅੱਜ ਧੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਪੱਧਰ ’ਤੇ ਮਹਿਲਾ ਸਸ਼ਕਤੀਕਰਨ ਦੇ ਉਪਰਾਲੇ ਹੋ ਰਹੇ ਹਨ ਅਤੇ ਸਮਾਜਿਕ ਪੱਧਰ ’ਤੇ ਵੀ ਇਸ ਤਰਾਂ ਦੇ ਸਮਾਗਮ ਹੋਣ ਨਾਲ ਸਮਾਜਿਕ ਸੋਚ ਵਿਚ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਸਾਡੀ ਵਿਰਾਸਤ ਅਤੇ ਸੱਭਿਆਚਾਰ ਦਾ ਪ੍ਰਤੀਕ ਹਨ ਅਤੇ ਸਭ ਨੂੰ ਇਹ ਤਿਉਹਾਰ ਆਪਸੀ ਭਾਈਚਾਰੇ ਦਾ ਸੰਦੇਸ਼ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰ ਆਪਸੀ ਭਾਈਚਾਰਾ ਮਜ਼ਬੂਤ ਕਰਦੇ ਹਨ ਅਤੇ ਹੁਣ ਸਿਰਫ ਪੁੱਤਰਾਂ ਦੀ ਲੋਹੜੀ ਮਨਾਉਣ ਦੀ ਰਵਾਇਤ ਪੂਰੀ ਤਰ੍ਹਾਂ ਟੁੱਟ ਗਈ ਹੈ ਅਤੇ ਲੋਕ ਧੀਆਂ ਦੀ ਲੋਹੜੀ ਵੀ ਉਨ੍ਹੇ ਹੀ ਉਤਸ਼ਾਹ ਨਾਲ ਮਨਾਉਂਦੇ ਹਨ। ਇਹ ਦਿਨ ਸਾਨੂੰ ਸਾਡੀ ਵਿਰਾਸਤ ਨਾਲ ਜੋੜਦਾ ਹੈ।
ਰਾਜਬੀਰ ਕੌਰ ਕਲਸੀ ਨੇ ਕਿਹਾ ਕਿ ਨਾਰੀ ਤੋਂ ਬਿਨਾਂ ਸਮਾਜ ਦੀ ਕਲਪਨਾ ਕਰਨਾ ਸੰਭਵ ਨਹੀਂ ਹੈ। ਅੱਜ ਦੇ ਯੁਗ ਵਿਚ ਲੜਕੀਆਂ, ਲੜਕਿਆਂ ਤੋਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ। ਹਰ ਵਾਰ ਮੌਕਾ ਮਿਲਣ ’ਤੇ ਵਿਸ਼ਵ ਪੱਧਰ ’ਤੇ ਲੜਕੀਆਂ ਨੇ ਨਾਮਣਾ ਖੱਟਿਆ ਹੈ, ਜਿਵੇਂ ਕਿ ਮਦਰ ਟਰੇਸਾ, ਸੁਨੀਤਾ ਵਿਲੀਅਮ, ਕਲਪਨਾ ਚਾਵਲਾ, ਪੀਟੀ ਊਸ਼ਾ, ਕਿਰਨ ਬੇਦੀ ਅਤੇ ਪੀ. ਵੀ. ਸਿੰਧੂ ਵਰਗੀਆਂ ਹਜ਼ਾਰਾਂ ਲੜਕੀਆਂ ਇਸ ਗੱਲ ਦੀ ਮਿਸਾਲ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ ਅਤੇ ਉੱਚ ਵਿੱਦਿਆ ਸਹਿਤ ਚੰਗਾ ਪਾਲਣ-ਪੋਸ਼ਣ ਅਤੇ ਜ਼ਿੰਦਗੀ ’ਚ ਅੱਗੇ ਵਧਣ ਲਈ ਹਰ ਮੌਕਾ ਦੇਣਾ ਚਾਹੀਦਾ ਹੈ।
ਇਸ ਮੌਕੇ ‘ਧੀਆਂ ਦੀ ਲੋਹੜੀ’ ਸਮਾਗਮ ’ਚ ਗਿੱਧਿਆਂ ਦੀ ਰਾਣੀ, ਕਵਲੀਨ ਕੌਰ ਦੀ ਟੀਮ ਨੇ ਬੋਲੀਆਂ ਦੀ ਖੂਬਸੂਰਤ ਪੇਸ਼ਕਾਰੀ ਦਿੱਤੀ। ਉਪਰੰਤ ਲੋਕ ਗਾਇਕ ਅਮਰੀਕ ਸਿੰਘ ਅਤੇ ਮਨਜੀਤ ਸੋਨੀਆਂ ਵੱਲੋਂ ਆਪਣੇ ਗੀਤਾਂ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪ੍ਰਸਿੱਧ ਲੋਕ ਗਾਇਕਾ ਗੁਰਲੇਜ਼ ਅਖ਼ਤਰ ਵੱਲੋਂ ਗੀਤਾਂ ਦੀ ਦਿੱਤੀ ਪੇਸ਼ਕਾਰੀ ਨੇ ਸਮਾਂ ਬੰਨ੍ਹ ਕੇ ਰੱਖ ਦਿੱਤਾ ਅਤੇ ਲੋਕ ਗੀਤਾਂ ਦੀ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।
