8 ਮਹੀਨੇ ਪਹਿਲਾਂ ਰੁਜ਼ਗਾਰ ਲਈ ਗਿਆ ਸੀ ਵਿਦੇਸ਼
ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਮੁਕੰਦਪੁਰ ਦੇ ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ (48) ਦੀ ਦੁਬਈ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 8 ਮਹੀਨੇ ਪਹਿਲਾਂ ਹੀ ਜਗਤਾਰ ਰੁਜ਼ਗਾਰ ਲਈ ਦੁਬਾਈ ਗਿਆ ਸੀ।
ਮ੍ਰਿਤਕ ਦੇ ਪਿਤਾ ਬਖਸ਼ੀ ਰਾਮ ਅਤੇ ਚਾਚਾ ਓਮ ਪ੍ਰਕਾਸ਼ ਕਾਲਾ ਅਨੁਸਾਰ ਸਵੇਰੇ ਦੁਬਈ ਤੋਂ ਉਸ ਦੇ ਰਿਸ਼ਤੇਦਾਰਾਂ ਦਾ ਫ਼ੋਨ ਆਇਆ, ਜਿਸ ਤੋਂ ਉਨ੍ਹਾਂ ਨੂੰ ਜਗਤਾਰ ਦੀ ਮੌਤ ਦੀ ਸੂਚਨਾ ਦਿੱਤੀ ਗਈ। ਪਰਿਵਾਰ ਨੇ ਦੱਸਿਆ ਕਿ ਉਹ ਜਗਤਾਰ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਮੁਕੰਦਪੁਰ ਵਿਚ ਕਰਨਾ ਚਾਹੁੰਦੇ ਹਨ।
ਕਮਾਊ ਪੁੱਤਰ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਜਗਤਾਰ ਆਪਣੇ ਪਿਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਗਰੀਬ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਮੁਆਵਜ਼ੇ ਦੇ ਰੂਪ ਵਿਚ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।
