18 ਨੂੰ ਹੋ ਸਕਦਾ ਐਲਾਨ
ਪਾਤੜਾਂ – ਮੋਦੀ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ, ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਦੀ ਹੋਈ ਸਾਂਝੀ ਮੀਟਿੰਗ ਸਫਲ ਰਹੀ ਹੈ। ਇਸ ਸਬੰਧੀ ਹੁਣ 18 ਜਨਵਰੀ ਨੂੰ ਮੁੜ ਖਨੌਰੀ ਮੋਰਚਾ (ਪਾਤੜਾਂ ’ਚ) ’ਤੇ ਹੀ ਮੀਟਿੰਗ ਰੱਖੀ ਗਈ ਹੈ, ਜਿਸ ’ਚ ਦੋਵੇਂ ਧੜਿਆਂ ਦੀ ਏਕਤਾ ਦਾ ਐਲਾਨ ਹੋ ਸਕਦਾ ਹੈ।
ਅੱਜ ਦੀ ਮੀਟਿੰਗ ’ਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਾਕਾ ਸਿੰਘ ਕੋਟੜਾ, ਸਰਵਣ ਸਿੰਘ ਪੰਧੇਰ, ਇੰਦਰਜੀਤ ਸਿੰਘ ਕੋਟਬੁੱਢਾ, ਜਸਵਿੰਦਰ ਸਿੰਘ ਲੌਂਗੋਵਾਲ, ਅਭਿਮੰਨਿਊ ਕੌਹਾੜ, ਸੁਰਜੀਤ ਸਿੰਘ ਫੂਲ, ਸੁਖਜੀਤ ਸਿੰਘ ਹਰਦੋਝੰਡੇ, ਮਨਜੀਤ ਸਿੰਘ ਰਾਏ, ਲਖਵਿੰਦਰ ਸਿੰਘ ਔਲਖ, ਗੁਰਿੰਦਰ ਸਿੰਘ ਭੰਗੂ, ਜਰਨੈਲ ਸਿੰਘ ਚਹਿਲ, ਅਮਰਜੀਤ ਸਿੰਘ ਮੋਹੜੀ ਹਾਜ਼ਰ ਸਨ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਕ੍ਰਿਸ਼ਨ ਪ੍ਰਸਾਦ, ਰਮਿੰਦਰ ਸਿੰਘ ਪਟਿਆਲਾ, ਡਾ. ਦਰਸ਼ਨਪਾਲ, ਯੁੱਧਵੀਰ ਸਿੰਘ, ਬਲਦੇਵ ਸਿੰਘ ਨਿਹਾਲਗੜ੍ਹ, ਮਨਜੀਤ ਸਿੰਘ ਧਨੇਰ ਅਤੇ ਹੋਰ ਆਗੂ ਹਾਜ਼ਰ ਸਨ।
ਇਸ ਮੌਕੇ ਦੋਵੇ ਧੜਿਆਂ ਦੇ ਕਿਸਾਨ ਨੇਤਾਵਾਂ ਨੇ ਆਖਿਆ ਕਿ ਦੇਸ਼ ਦੇ ਲੋਕਾਂ ਦੀ ਮੰਗ ਹੈ ਕਿ ਸਾਰੇ ਕਿਸਾਨ ਧੜੇ ਇਕੱਠੇ ਹੋਣ, ਜਿਸ ਦੇ ਚਲਦਿਆਂ ਅੱਜ ਦੀ ਸਾਡੀ ਮੀਟਿੰਗ ਬੇਹੱਦ ਸਫਲ ਰਹੀ ਹੈ। ਅਸੀਂ ਮੁੜ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ 18 ਜਨਵਰੀ ਨੂੰ ਮੀਟਿੰਗ ਰੱਖੀ ਹੈ, ਜਿਸ ’ਚ ਮੁੜ ਸਹੀ ਤਰੀਕੇ ਨਾਲ ਹੋਰ ਵਿਚਾਰ-ਵਟਾਂਦਰਾ ਕਰ ਕੇ ਏਕਤਾ ਦਾ ਐਲਾਨ ਹੋਵੇਗਾ।
ਡੱਲੇਵਾਲ ਦਾ ਮਰਨ ਵਰਤ 49ਵੇਂ ਦਿਨ ’ਚ, ਹਾਲਤ ਹੋਰ ਗੰਭੀਰ
ਉੱਧਰ ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 49ਵੇਂ ਦਿਨ ਵੀ ਜਾਰੀ ਰਿਹਾ। ਡਾਕਟਰਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹਰ ਪਲ ਵਿਗੜਦੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬੋਲਣ ’ਚ ਵੀ ਦਿੱਕਤ ਆ ਰਹੀ ਹੈ।
ਕਿਸਾਨ ਨੇਤਾਵਾਂ ਨੇ ਦੱਸਿਆ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਬੋਲ ਨਹੀਂ ਪਾ ਰਹੇ ਹਨ ਅਤੇ ਕਿਸੇ ਵੀ ਪਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦਾ ਸਰੀਰ ’ਚ ਮਾਸ ਖਤਮ ਹੁੰਦਾ ਜਾ ਰਿਹਾ ਹੈ। ਹਰ ਚੀਜ਼ ਡਿਸਟਰਬ ਹੋਈ ਪਈ ਹੈ।

ਸੋਨੀਪਤ ਤੋਂ ਕਿਸਾਨਾਂ ਦਾ ਵੱਡਾ ਜਥਾ ਖਨੌਰੀ ਮੋਰਚੇ ’ਤੇ ਪਹੁੰਚਾਇਆ
ਦੂਸਰੇ ਪਾਸੇ ਅੱਜ ਹਰਿਆਣਾ ਦੇ ਸੋਨੀਪਤ ਤੋਂ ਕਿਸਾਨਾਂ ਦਾ ਇਕ ਵੱਡਾ ਜਥਾ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ’ਚ ਖਨੌਰੀ ਮੋਰਚੇ ’ਤੇ ਪਹੁੰਚਾਇਆ। ਕੱਲ ਹਰਿਆਣਾ ਦੇ ਕੈਥਲ ਜ਼ਿਲੇ ਤੋਂ ਕਿਸਾਨਾਂ ਦਾ ਇਕ ਵੱਡਾ ਜੱਥਾ ਆਵੇਗਾ। ਅੱਜ ਹਰਿਆਣਾ ਦੇ ਕਿਸਾਨਾਂ ਨੇ ਕਿਹਾ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਹਾਂ। ਉਨ੍ਹਾਂ ਦੇ ਸੰਦੇਸ਼ ਅਤੇ ਸੰਘਰਸ਼ ਦੀ ਕਹਾਣੀ ਨੂੰ ਹਰ ਪਿੰਡ ’ਚ ਮੀਟਿੰਗਾਂ ਕਰ ਕੇ ਹਰ ਘਰ ਤੱਕ ਪਹੁੰਚਾਇਆ ਜਾਵੇਗਾ।
