ਦਰਜਨ ਦੇ ਕਰੀਬ ਮੋਬਾਇਲ, ਲੋਹੇ ਦੀ ਰਾਡਾਂ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ
ਬਨੂਡ਼ ਨੇਡ਼ਲੇ ਪਿੰਡ ਹੁਲਕਾ ਤੋਂ ਪਿੰਡ ਨਡਿਆਲੀ ਨੂੰ ਜਾਂਦੀ ਲਿੰਕ ਸਡ਼ਕ ’ਤੇ ਸਵੇਰੇ 9 ਕੁ ਵਜੇ ਦੇ ਕਰੀਬ ਤਿੰਨ ਆਟੋ ਸਵਾਰ ਨੌਜਵਾਨਾਂ ਨੇ ਐਕਟੀਵਾ ਸਵਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਅਤੇ ਰਾਹਗੀਰਾਂ ਨੇ ਤਿੰਨਾਂ ਨੂੰ ਕਾਬੂ ਕਰ ਕੇ ਪਹਿਲਾ ਛਿੱਤਰ ਪਰੇਡ ਕੀਤੀ, ਫਿਰ ਬਨੂਡ਼ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਇਸ ਦੌਰਾਨ ਲੋਕਾਂ ਨੇ ਉਕਤ ਨੌਜਵਾਨਾਂ ਕੋਲੋਂ ਦਰਜਨ ਦੇ ਕਰੀਬ ਮਹਿੰਗੇ ਮੋਬਾਇਲ, ਆਟੋ ’ਚ ਰੱਖੀਆਂ ਲੋਹੇ ਦੀਆਂ ਰਾਡਾਂ ਅਤੇ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ।
ਇਸ ਸਬੰਧੀ ਕਿਸਾਨ ਆਗੂ ਤਰਲੋਚਨ ਸਿੰਘ ਨਡਿਆਲੀ, ਸ਼ੇਰ ਸਿੰਘ ਨਡਿਆਲੀ, ਭੁਪਿੰਦਰ ਸਿੰਘ, ਜਗਦੀਸ਼ ਸਿੰਘ ਤੋਂ ਇਲਾਵਾ ਹੋਰ ਪਿੰਡ ਹੁਲਕਾ ਅਤੇ ਨਡਿਆਲੀ ਦੇ ਦਰਜਨਾਂ ਵਸਨੀਕਾਂ ਨੇ ਦੱਸਿਆ ਕਿ ਬਨੂਡ਼ ਦਾ ਵਸਨੀਕ, ਜੋ ਕਿ ਪਿੰਡ ਖਾਨਪੁਰ ਬੰਗਰ ਵਿਖੇ ਡਾਕਟਰ ਦੀ ਦੁਕਾਨ ਕਰਦਾ ਹੈ ਅਤੇ ਅੱਜ ਸਵੇਰੇ ਜਦੋਂ ਉਹ ਪਿੰਡ ਨਡਿਆਲੀ ਤੋਂ ਹੁਲਕਾ ਨੂੰ ਜਾਂਦੀ ਲਿੰਕ ਸਡ਼ਕ ’ਤੇ ਜਾ ਰਿਹਾ ਸੀ ਤਾਂ ਪਿੰਡ ਹੁਲਕਾ ਦੇ ਨਜ਼ਦੀਕ ਤਿੰਨ ਆਟੋ ਸਵਾਰ ਨੌਜਵਾਨਾਂ ਨੇ ਐਕਟੀਵਾ ਸਵਾਰ ਨੂੰ ਰੋਕ ਲਿਆ ਅਤੇ ਐਕਟੀਵਾ ਨੂੰ ਆਪਣੇ ਕਬਜੇ ’ਚ ਲੈਣ ਉਪਰੰਤ ਡਾਕਟਰ ਨੂੰ ਆਟੋ ’ਚ ਬੈਠਣ ਲਈ ਕਿਹਾ ਤਾਂ ਡਾਕਟਰ ਨੇ ਰੌਲਾ ਪਾ ਦਿੱਤਾ , ਜਿਸ ਕਾਰਨ ਘਟਨਾ ਵਾਲੀ ਥਾਂ ’ਤੇ ਨੇਡ਼ੇ ਸਥਿਤ ਲੋਕਾਂ ਅਤੇ ਰਾਹਗੀਰਾਂ ਨੇ ਆ ਕੇ ਉਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਕੇ ਛਿੱਤਰ ਪਰੇਡ ਕੀਤੀ। ਉਪਰੰਤ ਥਾਣਾ ਬਨੂਡ਼ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ।
ਇਸ ਸਬੰਧੀ ਸਬ-ਇੰਸਪੈਕਟਰ ਬਹਾਦਰ ਰਾਮ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
