ਚੰਡੀਗੜ੍ਹ – ਸ਼ਹਿਰ ਦੀ ਧੀ ਤਨਿਸ਼ਕਾ ਯਾਦਵ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ [ਜੇਈਈ (ਮੇਨ)- 2025] ਸੈਸ਼ਨ 1 ਦੇ ਪੇਪਰ-2 (ਬੀ. ਆਰਚ ਅਤੇ ਬੀ. ਪਲੈਨਿੰਗ) ਲਈ ਆਲ ਇੰਡੀਆ ਤੀਸਰਾ ਰੈਂਕ ਪ੍ਰਾਪਤ ਕਰ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ।
ਪੰਜਾਬ ਕੇਡਰ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕਮਲ ਕਿਸ਼ੋਰ ਯਾਦਵ ਅਤੇ ਗੀਤਾਂਜਲੀ ਸਾਗਰ IRS (ਇਨਕਮ ਟੈਕਸ) ਦੀ ਧੀ ਤਨਿਸ਼ਕਾ ਨੇ ਇਸ ਪ੍ਰੀਮੀਅਰ ਪ੍ਰੀਖਿਆ ’ਚ ਸ਼ਹਿਰ ਵਿਚੋਂ ਟਾਪ ਕੀਤਾ ਹੈ। ਤਨਿਸ਼ਕਾ ਯਾਦਵ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ 26, ਚੰਡੀਗੜ੍ਹ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਤਨਿਸ਼ਕਾ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦੀ ਹੈ ਅਤੇ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਦੀ ਹੈ।
ਜ਼ਿਕਰਯੋਗ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਪੇਪਰ 2 (ਬੀ. ਆਰਚ ਅਤੇ ਬੀ. ਪਲੈਨਿੰਗ) ਲਈ 289 ਸ਼ਹਿਰਾਂ (ਭਾਰਤ ਤੋਂ ਬਾਹਰ ਦੇ 12 ਸ਼ਹਿਰਾਂ ਸਮੇਤ) ਦੇ 391 ਕੇਂਦਰਾਂ ’ਚ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਮੁੱਖ) – 2025 ਸੈਸ਼ਨ 1 (ਜਨਵਰੀ 2025) ਦਾ ਆਯੋਜਨ ਕੀਤਾ ਸੀ।
