ਡੇਰਾ ਮੁਖੀ ਨੂੰ ਇਸੇ ਤਰ੍ਹਾਂ ਛੁੱਟੀਆਂ ਦੇਣੀਆਂ ਹਨ ਤਾਂ ਸਰਕਾਰ ਉਸਨੂੰ ਪੱਕਾ ਈ ਬਾਹਰ ਕੱਢ ਦੇਵੇ : ਜਥੇ. ਗੜਗੱਜ
ਡੇਰਾ ਮੁਖੀ ਅਤੇ ਸਿੱਖ ਬੰਦੀਆਂ ਦੇ ਮਾਮਲੇ ’ਚ ਸਰਕਾਰਾਂ ਦਾ ਦੋਹਰਾ ਕਿਰਦਾਰ ਫਿਰ ਆਇਆ ਸਾਹਮਣੇ
ਤਲਵੰਡੀ ਸਾਬੋ :- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਤੋਂ ਤਿੰਨ ਹਫਤਿਆਂ ਦੀ ਫਰਲੋ ਦੇਣ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਡੇਰਾ ਸਿਰਸਾ ਮੁਖੀ ਅਤੇ ਸਿੱਖ ਬੰਦੀਆਂ ਦੇ ਮਾਮਲੇ ’ਚ ਸਰਕਾਰਾਂ ਦਾ ਦੋਹਰਾ ਕਿਰਦਾਰ ਫਿਰ ਤੋਂ ਸਾਹਮਣੇ ਆ ਗਿਆ ਹੈ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਦੀ ਦਸਤਾਰਬੰਦੀ ਮੌਕੇ ਇੱਥੇ ਪੁੱਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਬਠਿੰਡਾ ਦੀ ਜੇਲ ’ਚ ਬੰਦ ਸਿੱਖ ਕੈਦੀ ਭਾਈ ਬਸੰਤ ਸਿੰਘ ਖਾਲਸਾ ਨੂੰ ਜੇਲ ਦੇ ਅੰਦਰ ਬਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਤਕ ਦੀ ਇਜ਼ਾਜਤ ਜੇਲ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਜਾ ਰਹੀ, ਜਦੋਂਕਿ ਦੂਜੇ ਪਾਸੇ ਸੰਗੀਨ ਦੋਸ਼ਾਂ ’ਚ ਸਜ਼ਾਯਾਫਤਾ ਡੇਰਾ ਮੁਖੀ ਨੂੰ ਥੋੜੇ-ਥੋੜੇ ਦਿਨਾਂ ਬਾਅਦ ਹੀ ਜੇਲ ’ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਜਿਵੇਂ ਉਹ ਪਿਕਨਿਕ ਮਨ੍ਹਾ ਰਿਹਾ ਹੋਵੇ।
ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਸਿੱਖ ਬੰਦੀਆਂ ਅਤੇ ਡੇਰਾ ਮੁਖੀ ਦੇ ਮਾਮਲੇ ’ਚ ਦੋਹਰਾ ਕਿਰਦਾਰ ਅਪਣਾ ਕੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਬੰਦੀਆਂ ਦੇ ਮਸਲਿਆਂ ’ਤੇ ਸਰਕਾਰ ਵਿਚਾਰ ਕਰਨ ਤਕ ਰਾਜ਼ੀ ਨਹੀਂ। ਸਿੰਘ ਸਾਹਿਬ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ’ਚ 18 ਮਾਰਚ ਨੂੰ ਸਰਬ ਉੱਚ ਅਦਾਲਤ ਨੇ ਸਰਕਾਰ ਨੂੰ ਕੋਈ ਫੈਸਲਾ ਜਲਦ ਲੈਣ ਦੇ ਹੁਕਮ ਦਿੱਤੇ ਸਨ ਪਰ ਸਰਕਾਰ ਨੇ ਅਜੇ ਤਕ ਕੁਝ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਡੇਰਾ ਮੁਖੀ ਨੂੰ ਇਸੇ ਤਰ੍ਹਾਂ ਛੁੱਟੀਆਂ ਦੇਣੀਆਂ ਹਨ ਤਾਂ ਇਸ ਨਾਲੋਂ ਬਿਹਤਰ ਕਿ ਸਰਕਾਰ ਉਸਨੂੰ ਪੱਕਾ ਈ ਬਾਹਰ ਕੱਢ ਦੇਵੇ। ਬਠਿੰਡਾ ਜੇਲ ’ਚ ਬੰਦ ਬਸੰਤ ਸਿੰਘ ਖਾਲਸਾ ਮਾਮਲੇ ਦੇ ਇਕ ਹੋਰ ਸਵਾਲ ’ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਖੁਦ ਮਾਮਲੇ ਦਾ ਨੋਟਿਸ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲ ਕਰਕੇ ਮਾਮਲੇ ਦਾ ਹੱਲ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਤੋਂ ਇਲਾਵਾ ਜਥੇਦਾਰ ਮੋਹਨ ਸਿੰਘ ਬੰਗੀ ਅਤੇ ਗੁਰਪ੍ਰੀਤ ਸਿੰਘ ਝੱਬਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ ਮੌਜੂਦ ਸਨ।
