ਵੱਖ-ਵੱਖ ਜਥੇਬੰਦੀਆਂ ਨੇ ਰੋਸ ਮਾਰਚ ਕੱਢਿਆ
ਸ਼ਹਿਰਾਂ ਦੇ ਹਰ ਚੌਰਾਹੇ ‘ਤੇ ਭਾਰੀ ਫੋਰਸ ਤਾਇਨਾਤ
ਅੰਮ੍ਰਿਤਸਰ ‘ਚ ਗਣਤੰਤਰ ਦਿਵਸ ਮੌਕੇ ਬਾਬਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਭੰਨਤੋੜ ਦੇ ਵਿਰੋਧ ‘ਚ ਸੰਵਿਧਾਨ ਬਚਾਓ ਮੋਰਚਾ, ਸਮੂਹ ਵਾਲਮੀਕਿ, ਰਵਿਦਾਸੀਆ ਤੇ ਐਸ. ਸੀ. ਭਾਈਚਾਰੇ ਵਲੋਂ ਅੱਜ ਪੰਜਾਬ ਦੇ ਕਈ ਸ਼ਹਿਰਾਂ ‘ਚ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਬੰਦ ਦਾ ਅਸਰ ਜਲੰਧਰ, ਲੁਧਿਆਣਾ, ਮੋਗਾ ਅਤੇ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੀਆਂ ਕਈ ਦੁਕਾਨਾਂ, ਬਾਜ਼ਾਰਾਂ ਅਤੇ ਹੋਰ ਥਾਵਾਂ ‘ਤੇ ਕਿਸੇ ਵੀ ਵਪਾਰੀ ਨੇ ਆਪਣਾ ਕਾਰੋਬਾਰ ਨਹੀਂ ਖੋਲ੍ਹਿਆ।

ਇਸ ਦੌਰਾਨ ਬੰਦ ਦਾ ਅਸਰ ਸਵੇਰੇ 8 ਵਜੇ ਤੋਂ ਦਿਖਾਈ ਦੇ ਰਿਹਾ ਹੈ। ਸ਼ਹਿਰਾਂ ਦੇ ਹਰ ਚੌਰਾਹੇ ‘ਤੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ। ਇਹ ਬੰਦ ਸ਼ਾਮ ਕਰੀਬ 5 ਵਜੇ ਤੱਕ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਮੈਡੀਕਲ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਜਾ ਰਹੇ ਵਿਦਿਆਰਥੀਆਂ ਸਮੇਤ ਹੋਰ ਐਮਰਜੈਂਸੀ ਸਹੂਲਤਾਂ ਚਾਲੂ ਰਹਿਣਗੀਆਂ।

ਅੱਜ ਹੁਸ਼ਿਆਰਪੁਰ ਸ਼ਹਿਰ ਮੁਕੰਮਲ ਬੰਦ ਰਿਹਾ ਅਤੇ ਦਲਿਤ ਭਾਈਚਾਰੇ ਵਲੋਂ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਥਿਤ ਦੋਸ਼ੀ ਅਤੇ ਇਸ ਘਟਨਾ ਪਿੱਛੇ ਲੁਕੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ।
ਇਸ ਤਹਿਤ ਫਗਵਾੜਾ ਸ਼ਹਿਰ ਵੀ ਪੂਰਨ ਤੌਰ ’ਤੇ ਬੰਦ ਰਿਹਾ ਹੈ। ਵੱਖ-ਵੱਖ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਕੇ ਰੋਸ ਮਾਰਚ ਕਰਦੇ ਹੋਏ ਬਾਜ਼ਾਰਾਂ ’ਚ ਜਾ ਰਹੇ ਹਨ।
ਇਸ ਦੌਰਾਨ ਮਹਿਤਪੁਰ (ਜਲੰਧਰ) ਮੁਕੰਮਲ ਤੌਰ ’ਤੇ ਬੰਦ ਹੋ ਗਿਆ ਹੈ। ਇਸ ਬੰਦ ਨੂੰ ਸਮੂਹ ਜਥੇਬੰਦੀਆਂ, ਦੁਕਾਨਦਾਰਾਂ ਤੇ ਹੋਰਾਂ ਨੇ ਸਮਰਥਨ ਦਿੱਤਾ। ਸਮੂਹ ਜਥੇਬੰਦੀਆਂ ਵ੍ਲੋਂ ਸੜਕ ਜਾਮ ਕਰਕੇ ਨੇੜੇ ਬੱਸ ਸਟੈਂਡ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਹਾਈਵੇ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ
ਲੁਧਿਆਣਾ – ਸੰਵਿਧਾਨ ਬਚਾਓ ਮੋਰਚਾ ਦੇ ਆਗੂਆਂ ਵਲੋਂ ਅੱਜ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਨਜ਼ਦੀਕ ਲੁਧਿਆਣਾ ਜਲੰਧਰ ਹਾਈਵੇ ਨੂੰ ਪੂਰੇ ਤਰੀਕੇ ਨਾਲ ਜਾਮ ਕਰ ਦਿੱਤਾ ਗਿਆ ਹੈ, ਜਿਸ ਨਾਲ ਹਾਈਵੇ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਹਨ।
ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਕਰਨਾ ਨਿੰਦਨਯੋਗ- ਖਹਿਰਾ
ਭੁਲੱਥ-ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਗਣਤੰਤਰ ਗਣਤੰਤਰ ਦਿਵਸ ਮੌਕੇ ਹੋਈ ਛੇੜਛਾੜ ਅਤਿ ਨਿੰਦਨਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਅਜਿਹੇ ਘਟੀਆ ਕਾਰਨਾਮੇ ਕਰਨਾ ਆਪਸੀ ਭਾਈਚਾਰਕ ਸਾਂਝ ਤੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਵਾਲੀ ਗੱਲ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
