ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਕੈਪਟਨ ਦੀ ਮੌਤ

ਨੂਰਪੁਰਬੇਦੀ :- ਨੂਰਪੁਰਬੇਦੀ-ਬੁੰਗਾ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਪਿੰਡ ਸੇਖਪੁਰ ਨੇੜੇ ਇਕ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਿਦੱਤੀ, ਜਿਸ ਵਿਚ ਪਿੰਡ ਸ਼ਾਹਪੁਰ ਬੇਲਾ ਦੇ ਭਾਰਤੀ ਫ਼ੌਜ ’ਚੋਂ ਆਨਰੇਰੀ ਕੈਪਟਨ ਸੇਵਾਮੁਕਤ ਹੋਏ ਤਰਸੇਮ ਸਿੰਘ (48) ਦੀ ਮੌਤ ਹੋ ਗਈ।
ਇਸ ਹਾਦਸੇ ਸਬੰਧੀ ਨੂਰਪੁਰਬੇਦੀ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਪਲਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨਿਵਾਸੀ ਪਿੰਡ ਸ਼ਾਹਪੁਰ ਬੇਲਾ ਨੇ ਦੱਸਿਆ ਕਿ ਕੈਪਟਨ ਤਰਸੇਮ ਸਿੰਘ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਰਤਗੜ੍ਹ ਵਿਖੇ ਬਤੌਰ ਕੈਂਪਸ ਮੈਨੇਜਰ ਸੇਵਾਵਾਂ ਨਿਭਾਅ ਰਹੇ ਸਨ। ਸ਼ਾਮ ਸਮੇਂ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਨੂਰਪੁਰਬੇਦੀ ਤੋਂ ਪਿੰਡ ਸ਼ਾਹਪੁਰ ਬੇਲਾ ਨੂੰ ਜਾ ਰਿਹਾ ਸੀ। ਜਦਕਿ ਕਰੀਬ 100 ਮੀਟਰ ਅੱਗੇ ਉਸ ਦਾ ਚਾਚਾ ਤਰਸੇਮ ਸਿੰਘ ਪੁੱਤਰ ਸੋਮਾ ਸਿੰਘ ਵੀ ਆਪਣੇ ਮੋਟਰਸਾਈਕਲ ਹੋਂਡਾ ਸੀ. ਡੀ. ’ਤੇ ਪਿੰਡ ਸ਼ਾਹਪੁਰ ਬੇਲਾ ਨੂੰ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਨੂਰਪੁਰਬੇਦੀ-ਬੁੰਗਾ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਸੇਖਪੁਰ ਲਾਗੇ ਪਹੁੰਚੇ ਤਾਂ ਸ਼ਾਮੀ ਕਰੀਬ ਸਾਢੇ 6 ਵਜੇ ਬੁੰਗਾ ਸਾਹਿਬ ਦੀ ਤਰਫ਼ੋਂ ਨੂਰਪੁਰਬੇਦੀ ਨੂੰ ਆ ਰਹੇ ਇਕ ਤੇਜ਼ ਰਫ਼ਤਾਰ ਹਿਮਾਚਲ ਨੰਬਰੀ ਟਰੱਕ ਦੇ ਚਾਲਕ ਨੇ ਲਾਪਰਵਾਹੀ ਨਾਲ ਉਸ ਦੇ ਚਾਚੇ ਤਰਸੇਮ ਸਿੰਘ ਦੇ ਮੋਟਰਸਾਈਲਕ ਨੂੰ ਗਲਤ ਸਾਈਡ ’ਤੇ ਆ ਕੇ ਟੱਕਰ ਮਾਰੀ। ਉਪਰੰਤ ਚਾਲਕ ਨੇ ਟਰੱਕ ਰੋਕ ਲਿਆ।
ਇਸ ਹਾਦਸੇ ਦੌਰਾਨ ਉਸ ਦਾ ਚਾਚਾ ਤਰਸੇਮ ਸਿੰਘ ਸੜਕ ’ਤੇ ਡਿੱਗਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਿਸ ’ਤੇ ਉਨ੍ਹਾਂ ਰਾਹਗੀਰਾਂ ਦੀ ਸਹਾਇਤਾ ਨਾਲ ਆਪਣੇ ਚਾਚੇ ਨੂੰ ਇਲਾਜ ਲਈ ਨੂਰਪੁਰਬੇਦੀ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਸ ਸਬੰਧੀ ਮਾਮਲੇ ਦੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਦੀਪਕ ਸ਼ਰਮਾ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ’ਤੇ ਟਰੱਕ ਨੂੰ ਕਾਬੂ ਕਰ ਕੇ ਉਸ ਦੇ ਫਰਾਰ ਚਾਲਕ ਰਾਮ ਸਿੰਘ ਨਿਵਾਸੀ ਪਿੰਡ ਨਲਹੋਟੀ ਅੱਪਰ, ਥਾਣਾ ਨੂਰਪੁਰਬੇਦੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਜਦਕਿ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *