ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਹਸਪਤਾਲ ਦੀ ਮੁਰੰਮਤ ਤੇ ਨਵੀਨੀਕਰਨ ਪ੍ਰਾਜੈਕਟ ਦੀ ਕਰਵਾਈ ਸ਼ੁਰੂਆਤ

ਜ਼ਿਲਾ ਹਸਪਤਾਲ ’ਚ ਨਵੇਂ ਫੈਸਿਲੀਟੇਸ਼ਨ ਸੈਂਟਰ ਦਾ ਵੀ ਰੱਖਿਆ ਨੀਂਹ-ਪੱਥਰ

ਗੁਰਦਾਸਪੁਰ -: ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਜ਼ਿਲਾ ਹਸਪਤਾਲ ਗੁਰਦਾਸਪੁਰ ਦੀ ਮੁਰੰਮਤ ਤੇ ਨਵੀਨੀਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ। ਇਸਦੇ ਨਾਲ ਹੀ ਉਨ੍ਹਾਂ ਨੇ ਜ਼ਿਲਾ ਹਸਪਤਾਲ ਅਤੇ ਨਵੇਂ ਬਣਨ ਵਾਲੇ ਫੈਸਿਲੀਟੇਸ਼ਨ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਦੋਵਾਂ ਪ੍ਰਾਜੈਕਟਾਂ ਉੱਪਰ ਪੰਜਾਬ ਸਰਕਾਰ ਵੱਲੋਂ 2.03 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਇਸ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਜ਼ਿਲਾ ਹਸਪਤਾਲ ਗੁਰਦਾਸਪੁਰ ਦੇ ਬੁਨਿਆਦੀ ਢਾਂਚੇ ਵਿਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ ਹਸਪਤਾਲ ਗੁਰਦਾਸਪੁਰ ਦੀ ਮੁਰੰਮਤ ਤੇ ਨਵੀਨੀਕਰਨ ਉੱਪਰ 1.27 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਦੋਂਕਿ ਨਵਾਂ ਫੈਸਲੀਟੇਸ਼ਨ ਸੈਂਟਰ ਬਣਾਉਣ ਲਈ 76.16 ਲੱਖ ਰੁਪਏ ਦੀ ਲਾਗਤ ਆਵੇਗੀ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸੂਬੇ ਵਿਚ ਸਿਹਤ ਕ੍ਰਾਂਤੀ ਤਹਿਤ ਸਰਕਾਰੀ ਹਸਪਤਾਲਾਂ ਤੇ ਸਿਹਤ ਸੰਸਥਾਵਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਬੀਤੇ ਤਿੰਨ ਸਾਲਾਂ ਵਿਚ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਚ ਸਿਹਤ ਸੇਵਾਵਾਂ ਦੇ ਖੇਤਰ ਵਿਚ 31.16 ਕਰੋੜ ਰੁਪਏ ਮਨਜ਼ੂਰ ਕਰਵਾਏ ਹਨ, ਜੋ ਵੱਖ-ਵੱਖ ਪ੍ਰਾਜੈਕਟਾਂ ਉੱਪਰ ਖਰਚ ਕੀਤੇ ਜਾ ਰਹੇ ਹਨ।
ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ 31.16 ਕਰੋੜ ਰੁਪਏ ਦੇ ਪ੍ਰਾਜੈਕਟਾਂ ਵਿਚੋਂ ਮੁੱਖ ਤੌਰ ’ਤੇ 50 ਬੈੱਡਡ ਅਰਬਨ ਕਮਿਊਨਿਟੀ ਸੈਂਟਰ (ਪੁਰਾਣਾ ਸਿਵਲ ਹਸਪਤਾਲ) ਗੁਰਦਾਸਪੁਰ ਦੀ ਇਮਾਰਤ ਉੱਪਰ 8.9 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਨ ਉੱਪਰ 2.38 ਕਰੋੜ ਰੁਪਏ, ਜ਼ਿਲਾ ਹਸਪਤਾਲ ਵਿਚ ਡੀ. ਈ. ਆਈ. ਸੀ. ਦੀ ਇਮਾਰਤ ਉੱਪਰ 1.19 ਕਰੋੜ ਰੁਪਏ, ਫੂਡ ਐਂਡ ਡਰੱਗ ਪ੍ਰਬੰਧਕੀ ਦਫ਼ਤਰ ਦੀ ਉਸਾਰੀ ਉੱਪਰ 74.15 ਲੱਖ ਰੁਪਏ, ਜ਼ਿਲਾ ਹਸਪਤਾਲ ਵਿਚ ਪੇਸ਼ੈਂਟ ਫੈਸਲਿਟੀ ਸੈਂਟਰ ਦੀ ਉਸਾਰੀ ਉੱਪਰ 76.16 ਲੱਖ ਰੁਪਏ, ਜ਼ਿਲਾ ਹਸਪਤਾਲ ਵਿਚ ਕੰਟੀਨ ਅਤੇ ਪਾਰਕਿੰਗ ਬਣਾਉਣ ਉੱਪਰ 1.27 ਕਰੋੜ ਰੁਪਏ, ਜ਼ਿਲਾ ਹਸਪਤਾਲ ਵਿਚ ਜੀ. ਐੱਨ. ਐੱਮ. ਹੋਸਟਲ ਦੀ ਉਸਾਰੀ ਦੇ ਬਕਾਇਆ ਕੰਮਾਂ ਉੱਪਰ 2.15 ਕਰੋੜ ਰੁਪਏ, ਜ਼ਿਲਾ ਹਸਪਤਾਲ ਵਿਚ ਇੰਟੈਗਰੇਟਿਡ ਪਬਲਿਕ ਹੈਲਥ ਲੈਬੋਰੇਸ਼ਨ (ਪੀ. ਐੱਚ. ਐੱਲ.) ਦੀ ਉਸਾਰੀ ਉੱਪਰ 95 ਲੱਖ ਰੁਪਏ, ਜ਼ਿਲਾ ਹਸਪਤਾਲ ਵਿਚ ਕ੍ਰਿਟੀਕਲ ਕੇਅਰ ਯੂਨਿਟ ਨੂੰ ਸਥਾਪਿਤ ਕਰਨ ਲਈ 13.15 ਕਰੋੜ ਰੁਪਏ, ਜ਼ਿਲਾ ਹਸਪਤਾਲ ਵਿਚ ਪੇਟਿੰਗ ਅਤੇ ਲਾਈਟਿੰਗ ਉੱਪਰ 18 ਲੱਖ ਰੁਪਏ, ਜ਼ਿਲਾ ਹਸਪਤਾਲ ਵਿਚ ਅਲਟਰਾਸਾਊਂਡ ਮਸ਼ੀਨ ਉੱਪਰ 25 ਲੱਖ ਰੁਪਏ ਅਤੇ ਓਪਰੇਸ਼ਨ ਥੀਏਟਰ ਵਿਚ ਲਾਈਟਾਂ ਲਗਾਉਣ ਉੱਪਰ 5 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਦੀ ਭਲਾਈ ਲਈ ਉਠਾਈ ਗਈ ਹਰ ਮੰਗ ਨੂੰ ਸੂਬਾ ਸਰਕਾਰ ਨੇ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਚ ਸਿਹਤ ਕ੍ਰਾਂਤੀ ਤਹਿਤ ਵੱਡੇ ਸੁਧਾਰ ਜਾਰੀ ਹਨ ਅਤੇ ਸਿਹਤ ਸੇਵਾਵਾਂ ਦੇ ਪੱਖ ਤੋਂ ਗੁਰਦਾਸਪੁਰ ਨੂੰ ਮੋਹਰੀ ਬਣਾਇਆ ਜਾਵੇਗਾ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸ਼ਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਮਹਾਜਨ, ਐੱਸ. ਐੱਮ. ਓ. ਡਾ. ਅਰਵਿੰਦ ਮਹਾਜਨ, ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਨ ਸ਼ਰਮਾ, ਸਾਬਕਾ ਚੇਅਰਮੈਨ ਨੀਰਜ ਸਲਹੋਤਰਾ, ਸੁੱਚਾ ਸਿੰਘ ਮੁਲਤਾਨੀ ਹਾਜ਼ਰ ਸਨ।

Leave a Reply

Your email address will not be published. Required fields are marked *