ਬਠਿੰਡਾ – ਪਾਬੰਦੀਸ਼ੁਦਾ ਚਾਈਨਾ ਡੋਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਬਠਿੰਡਾ ਪੁਲਸ ਨੇ ਚਾਈਨਾ ਡੋਰ ਦਾ ਪੂਰਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲਸ ਨੇ ਇਕ ਮੁਲਜ਼ਮ ਨੂੰ ਚਾਈਨਾ ਡੋਰ ਦੇ 400 ਗੱਟੂ ਸਮੇਤ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਚਾਈਨਾ ਡੋਰ ਦੇ 12 ਗੱਟੂ ਬਰਾਮਦ ਕੀਤੇ ਹਨ।
ਸੀ. ਆਈ. ਏ.-2 ਅਤੇ ਥਰਮਲ ਥਾਣਾ ਪੁਲਸ ਨੇ ਚਾਈਨਾ ਡੋਰ ਸਬੰਧੀ ਜਾਂਚ ਦੌਰਾਨ ਇਕ ਮੁਲਜ਼ਮ ਸਤੀਸ਼ ਕੁਮਾਰ ਵਾਸੀ ਰਾਜੀਵ ਗਾਂਧੀ ਨਗਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸਿਵੀਆਂ ਰੋਡ ’ਤੇ ਮੁਲਜ਼ਮ ਦੇ ਟਿਕਾਣੇ ਤੋਂ ਪਾਬੰਦੀਸ਼ੁਦਾ ਚਾਈਨਾ ਡੋਰ ਦੇ 400 ਗੱਟੂ ਬਰਾਮਦ ਕੀਤੇ, ਜੋ ਮੁਲਜ਼ਮ ਨੇ ਸ਼ਹਿਰ ਵਿਚ ਸਪਲਾਈ ਕਰਨ ਲਈ ਸਟੋਰ ਕੀਤੇ ਸਨ।
ਪਤਾ ਲੱਗਾ ਹੈ ਕਿ ਮੁਲਜ਼ਮ ਖਿਲਾਫ ਪਹਿਲਾਂ ਵੀ ਚਾਈਨਾ ਡੋਰ ਰੱਖਣ ਅਤੇ ਨਾਜਾਇਜ਼ ਤੌਰ ’ਤੇ ਪਟਾਕੇ ਸਟੋਰ ਕਰਨ ਦੇ ਦੋਸ਼ ਹੇਠ ਪੁਲਸ ਕੇਸ ਦਰਜ ਹਨ। ਥਾਣਾ ਥਰਮਲ ਦੀ ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਸੁਖਦਰਸ਼ਨ ਕੁਮਾਰ ਨੇ ਧੋਬੀਆਣਾ ਬਸਤੀ ਤੋਂ ਦੋਸ਼ੀ ਅਭਿਸ਼ੇਕ ਵਾਸੀ ਬੇਅੰਤ ਨਗਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 12 ਗੱਟੂ ਚਾਈਨਾ ਡੋਰ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।