ਧੀ ਗੰਭੀਰ ਜ਼ਖਮੀ
ਮ੍ਰਿਤਕ ਦੇ ਪਤੀ ਅਨੁਸਾਰ ਬੱਸ ਤੇਜ਼ ਹੋਣ ਕਰ ਕੇ ਘਟਨਾ ਵਾਪਰੀ
ਧੂਰੀ : ਅੱਜ ਜ਼ਿਲਾ ਸੰਗਰੂਰ ਵਿਚ ਸਵੇਰ ਬਰਨਾਲਾ ਤੋਂ ਚੰਡੀਗੜ੍ਹ ਜਾ ਰਹੀ ਬੱਸ ’ਚੋਂ ਕਾਤਰੋਂ-ਘਨੌਰੀ ਕੋਲ ਮਾ-ਧੀ ਬੱਸ ’ਚੋਂ ਡਿੱਗ ਗਈਆਂ, ਜਿਸ ਕਰ ਕੇ ਮਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਧੀ ਗੰਭੀਰ ਜ਼ਖਮੀ ਹੋ ਗਈ।
ਜਾਣਕਾਰੀ ਅਨੁਸਾਰ ਦੋਵੇਂ ਮਾਂ-ਧੀ ਪਿੰਡ ਸੰਘੇੜਾ ਤੋਂ ਪੀ. ਆਰ. ਟੀ. ਸੀ. ਦੀ ਬੱਸ ’ਚ ਸਵਾਰ ਹੋ ਕੇ ਨਾਭਾ ਜਾਣ ਲਈ ਰਵਾਨਾ ਹੋਈਆਂ ਸੀ ਅਤੇ ਸ਼ੇਰਪੁਰ ਦੇ ਨਜ਼ਦੀਕ ਪਿੰਡ ਕਾਤਰੋਂ ਤੇ ਘਨੌਰੀ ਦੇ ਵਿਚਕਾਰ ਪੈਂਦੇ ਪਿੰਡ ਚਾਂਗਲੀ ਮੋੜ ’ਤੇ ਅਚਾਨਕ ਇਹ ਘਟਨਾ ਵਾਪਰ ਗਈ, ਜਿਸ ’ਚ ਸੀਮਾ ਉਰਫ ਨੀਨਾ (30) ਪਤਨੀ ਰਵੀ ਕੁਮਾਰ ਵਾਸੀ ਸੰਘੇੜਾ ਦੀ ਮੌਕੇ ’ਤੇ ਮੌਤ ਹੋ ਗਈ ਤੇ ਧੀ (7) ਗੰਭੀਰ ਜ਼ਖਮੀ ਹੋ ਗਈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਧੂਰੀ ਵਿਖੇ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੀਮਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਲੋਕਾਂ ਅਨੁਸਾਰ ਮਾਂ ਆਪਣੀ ਕੁੜੀ ਨੂੰ ਬੱਸ ਦੀ ਪਿਛਲੀ ਤਾਕੀ ’ਚੋਂ ਉਲਟੀ ਕਰਵਾ ਰਹੀ ਸੀ, ਜਿਸ ਕਰ ਕੇ ਅਚਾਨਕ ਇਹ ਘਟਨਾ ਵਾਪਰੀ। ਮ੍ਰਿਤਕ ਦੇ ਪਤੀ ਅਨੁਸਾਰ ਬੱਸ ਦੀ ਸਪੀਡ ਜ਼ਿਆਦਾ ਹੋਣ ਕਰ ਕੇ ਇਹ ਘਟਨਾ ਵਾਪਰੀ ਹੈ, ਜਦਕਿ ਕੰਡਕਟਰ ਦਾ ਇਹ ਕਹਿਣਾ ਸੀ ਕਿ ਧੁੰਦ ਕਾਰਨ ਬੱਸ ਦੀ ਸਪੀਡ ਬਿਲਕੁਲ ਹੌਲੀ ਸੀ। ਪੁਲਸ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਉਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।
