ਘਰੇਲੂ ਕਲੇਸ਼ ਕਾਰਨ ਪਿਉ ਨੇ ਇਕਲੌਤੇ ਪੁੱਤਰ ਨੂੰ ਗੋਲੀ ਮਾਰ ਕੇ ਮਾਰਿਆ

ਸੰਗਤ ਮੰਡੀ : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਤੜਕਸਾਰ ਉਸ ਸਮੇਂ ਰਿਸ਼ਤੇ ਤਾਰ-ਤਾਰ ਹੋ ਗਏ, ਜਦ ਘਰੇਲੂ ਕਲੇਸ਼ ਕਾਰਨ ਪਿਤਾ ਨੇ ਆਪਣੇ ਨੌਜਵਾਨ ਇਕਲੌਤੇ ਪੁੱਤਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੰਗਤ ਦੀ ਪੁਲਸ ਮੌਕੇ ’ਤੇ ਪਹੁੰਚ ਗਈ।
ਇਕੱਤਰ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਅਤੇ ਉਸ ਦੇ ਲੜਕੇ ਅਰਸ਼ਦੀਪ ਸਿੰਘ (28) ਵਿਚਕਾਰ ਕਿਸੇ ਗੱਲ ਨੂੰ ਲੈ ਕੇ ਘਰੇਲੂ ਝਗੜਾ ਚੱਲਦਾ ਆ ਰਿਹਾ ਸੀ। ਸਵੇਰੇ ਇਸ ਝਗੜੇ ਨੂੰ ਲੈ ਕੇ ਦੋਵਾਂ ’ਚ ਫਿਰ ਤਕਰਾਰ ਹੋਈ। ਤਕਰਾਰਬਾਜ਼ੀ ਇਸ ਕਦਰ ਵਧ ਗਈ ਕਿ ਸੁਖਵਿੰਦਰ ਸਿੰਘ ਨੇ ਤਹਿਸ਼ ’ਚ ਆ ਕਿ ਆਪਣੀ ਲਾਈਸੈਂਸੀ 12 ਬੋਰ ਰਾਈਫਲ ਨਾਲ ਅਰਸ਼ਦੀਪ ਸਿੰਘ ਉਪਰ ਫਾਇਰ ਕਰ ਦਿੱਤਾ, ਜੋ ਅਰਸ਼ਦੀਪ ਸਿੰਘ ਦੇ ਪੇਟ ’ਚ ਲੱਗਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
ਅਰਸ਼ਦੀਪ ਸਿੰਘ ਨੂੰ ਇਲਾਜ ਲਈ ਪਹਿਲਾ ਡੱਬਵਾਲੀ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਦੇ ਚੱਲਦਿਆਂ ਬਠਿੰਡਾ ਲਈ ਰੈਫਰ ਕਰ ਦਿੱਤਾ, ਜਦ ਉਸ ਨੂੰ ਐਂਬੂਲੈਂਸ ਰਾਹੀਂ ਬਠਿੰਡਾ ਲਿਜਾਇਆ ਜਾ ਰਿਹਾ ਸੀ, ਤਾਂ ਉਸ ਦੀ ਰਸਤੇ ’ਚ ਹੀ ਮੌਤ ਹੋ ਗਈ।
ਅਰਸ਼ਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਪਿੰਡ ਦੀ ਕੋ-ਅਾਪਰੇਟਿਵ ਸੋਸਾਇਟੀ ’ਚ ਮੁਲਾਜ਼ਮ ਲੱਗਿਆ ਹੋਇਆ ਸੀ ਅਤੇ ਉਸ ਦੇ ਦੋ ਧੀਆਂ ਹਨ।
ਇਸ ਸਬੰਧੀ ਪੁਲਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਗੋਰਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਿਤਾ-ਪੁੱਤਰ ਵਿਚਕਾਰ ਘਰੇਲੂ ਝਗੜਾ ਚੱਲਦਾ ਆ ਰਿਹਾ ਸੀ। ਇਸੇ ਝਗੜੇ ਦੇ ਚੱਲਦਿਆਂ ਹੀ ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਅਰਸ਼ਦੀਪ ਸਿੰਘ ਦੀ ਪਤਨੀ ਹਰਪਿੰਦਰ ਕੌਰ ਦੇ ਬਿਆਨਾਂ ’ਤੇ ਸੁਖਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।

Leave a Reply

Your email address will not be published. Required fields are marked *