ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ
ਬਰਨਾਲਾ ’ਚ ਅਨਾਜ ਮੰਡੀ ਤੋਂ ਇਕ ਬੱਚੇ ਨੂੰ ਅਗਵਾ ਕਰ ਲਿਆ ਹੈ। ਬੱਚਾ ਆਪਣੇ ਘਰ ਦੇ ਨੇੜੇ ਖੇਡ ਰਿਹਾ ਸੀ ਜਦੋਂ ਦੋ ਮੋਟਰਸਾਈਕਲ ਸਵਾਰ ਉਸ ਨੂੰ ਚੁੱਕ ਕੇ ਲੈ ਗਏ। ਇਹ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।
ਜਾਣਕਾਰੀ ਅਨੁਸਾਰ ਅਨਾਜ ਮੰਡੀ ਦੀ ਝੁੱਗੀ ਝੌਂਪੜੀ ’ਚ ਰਹਿਣ ਵਾਲੇ ਧਰਮਿੰਦਰ ਦੇ 2 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ।
ਬੱਚਾ ਆਪਣੇ ਘਰ ਦੇ ਨੇੜੇ ਸੜਕ ’ਤੇ ਖੇਡ ਰਿਹਾ ਸੀ। ਇਸ ਦੌਰਾਨ ਦੋ ਲੋਕ ਕਾਲੇ ਰੰਗ ਦੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ। ਉਹ ਬੱਚੇ ਨੂੰ ਚੁੱਕ ਕੇ ਭੱਜ ਗਏ।
ਸਿਟੀ-1 ਥਾਣੇ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੀਤੀ ਦੇਰ ਸ਼ਾਮ ਵਾਪਰੀ। ਪੁਲਿਸ ਨੇ ਇਸ ਮਾਮਲੇ ’ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਵਿਚ ਰੁੱਝੀ ਹੋਈ ਹੈ।
ਐੱਸ. ਐੱਚ. ਓ. ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਬੱਚੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
