ਐਮ. ਐਲ. ਏ. ਪੰਡੋਰੀ ਅਤੇ ਚੇਅਰਮੈਨ ਢਿੱਲੋਂ ਵੱਲੋਂ ਘਨੌਰੀ ਖੁਰਦ ਵਿਚ ਧਰਮਸ਼ਾਲਾ ਦੇ ਸ਼ੈੱਡ ਦਾ ਵੀ ਉਦਘਾਟਨ
ਧੂਰੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡਾਂ ਵਿੱਚ ਖੇਡ ਸੱਭਿਆਚਾਰ ਨੂੰ ਵਿਆਪਕ ਪੱਧਰ ਤੇ ਉਤਸ਼ਾਹਿਤ ਕਰਨ ਲਈ ਉਪਰਾਲੇ ਜਾਰੀ ਹਨ। ਇਸ ਉਦੇਸ਼ ਦੀ ਪੂਰਤੀ ਹਿੱਤ ਪਿੰਡਾਂ ਵਿਚ ਖੇਡ ਸਟੇਡੀਅਮ ਬਣਵਾਏ ਜਾ ਰਹੇ ਹਨ ਤਾਂ ਜੋ ਇਥੇ ਖਿਡਾਰੀ ਨਿਰੰਤਰ ਅਭਿਆਸ ਕਰ ਕੇ ਸੂਬਾ, ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਵੱਡੀਆਂ ਖੇਡ ਪ੍ਰਾਪਤੀਆਂ ਦਰਜ ਕਰ ਸਕਣ। ਇਹ ਪ੍ਰਗਟਾਵਾ ਲਘੂ ਉਦਯੋਗ ਨਿਗਮ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋ ਨੇ ਬਲਾਕ ਸ਼ੇਰਪੁਰ ਦੇ ਪਿੰਡ ਘਨੌਰ ਖੁਰਦ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਅਤੇ ਪੰਜਾਬ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ ਦੀ ਮੌਜੂਦਗੀ ਵਿਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦਲਬੀਰ ਸਿੰਘ ਢਿੱਲੋ ਨੇ ਦੱਸਿਆ ਕਿ ਬਲਾਕ ਧੂਰੀ ਅਤੇ ਸ਼ੇਰਪੁਰ ਦੇ ਕਈ ਪਿੰਡਾਂ ਵਿੱਚ ਅਜਿਹੇ ਖੇਡ ਸਟੇਡੀਅਮ ਜਾਂ ਤਾਂ ਪ੍ਰਗਤੀ ਅਧੀਨ ਹਨ ਅਤੇ ਜਾਂ ਫਿਰ ਛੇਤੀ ਹੀ ਸ਼ੁਰੂ ਹੋਣ ਵਾਲੇ ਹਨ। ਉਹਨਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਨਿਰਮਾਣ ਕਾਰਜ ਸਮੇਂ ਸਿਰ ਮੁਕੰਮਲ ਕਰਨ ਅਤੇ ਸਮੇਂ ਸਮੇਂ ਤੇ ਪ੍ਰਗਤੀ ਅਧੀਨ ਪ੍ਰੋਜੈਕਟਾਂ ਦੀ ਨਿਗਰਾਨੀ ਕਰਦੇ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਐਮਐਲਏ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਅਤੇ ਪੰਜਾਬ ਲਘੂ ਉਦਯੋਗ ਨਿਗਮ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋ ਵੱਲੋਂ ਪਿੰਡ ਘਨੌਰੀ ਖੁਰਦ ਵਿੱਚ ਸ਼੍ਰੋਮਣੀ ਭਗਤ ਰਵਿਦਾਸ ਜੀ ਨੂੰ ਸਮਰਪਿਤ ਧਰਮਸ਼ਾਲਾ ਦੇ ਸੈਡ ਅਤੇ ਰਸਤੇ ਨੂੰ ਪੱਕਾ ਕਰਨ ਦਾ ਉਦਘਾਟਨ ਵੀ ਕੀਤਾ ਗਿਆ।
