ਬੁਢਲਾਡਾ- ਨੇੜਲੇ ਪਿੰਡ ਗੰਢੂ ਕਲਾਂ ਵਿਖੇ ਪਿਛਲੇ 32 ਸਾਲਾਂ ਤੋਂ ਨਹਿਰੀ ਪਾਣੀ ਤੋਂ ਵਾਂਝੇ ਕਿਸਾਨਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਨਹਿਰੀ ਵਿਭਾਗ ਦੇ ਉਚ ਅਧਿਕਾਰੀਆਂ ਨੇ ਪਾਣੀ ਦੀ ਇਸ ਉਲਝਣਤਾਣੀ ਨੂੰ ਸੁਲਝਾਉਂਦਿਆਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਦਾ ਕਰ ਦਿੱਤਾ।
ਵਰਣਨਯੋਗ ਹੈ ਕਿ ਪਿੰਡ ਦੀ 40 ਏਕੜ ਦੇ ਦਰਜਨਾਂ ਕਿਸਾਨਾਂ ਦੇ ਖੇਤਾਂ ਨੂੰ ਸੰਚਾਈ ਪਾਣੀ ਪਹੁੰਚਾਉਣ ਦੀ ਕੋਈ ਵਿਵਸਥਾ ਨਹੀਂ ਸੀ। ਕਿਉਂਕਿ ਪਹਿਲਾ ਪਾਣੀ ਇਨ੍ਹੀ ਦੂਰ ਤੱਕ ਇਨਾਂ ਦੇ ਖੇਤਾਂ ਤੱਕ ਪਹੁੰਚਦਾ ਹੀ ਨਹੀਂ ਸੀ। ਪ੍ਰੰਤੂ ਹੁਣ ਨਹਿਰੀ ਵਿਭਾਗ ਦੇ ਐਕਸੀਅਨ ਕਿਰਨਦੀਪ ਕੌਰ, ਡਿਪਟੀ ਕੁਲੈਕਟਰ ਨਰਿੰਦਰ ਸਿੰਘ ਰਹਿਲ, ਨਿਗਰਾਨ ਨਹਿਰ ਅਫਸਰ ਸੁਖਜੀਤ ਸਿੰਘ ਭੂਲਰ ਦੀ ਨਿਗਰਾਨ ਹੇਠ ਇੱਕ ਕਮੇਟੀ ਦਾ ਗਠਨ ਕਰਕੇ 40 ਏਕੜ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਨਵੇਂ ਖਾਲ, ਪਾਇਪਾ ਅਤੇ ਪਾਣੀ ਦੀ ਮਿਕਦਾਰ ਨੂੰ ਵਧਾ ਕੇ ਅੱਜ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਦਾ ਕਰ ਦਿੱਤਾ ਹੈ। ਜਿੱਥੇ ਪਿੰਡ ਦੇ ਕਿਸਾਨਾਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਮੌਕੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦਿਆਂ ਪਿੰਡ ਦੇ ਜਸਪਾਲ ਸਿੰਘ, ਇਕਬਾਲ ਸਿੰਘ, ਹਰਵਿੰਦਰ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਹਰਪਿੰਦਰਦੀਪ ਸਿੰਘ, ਕੌਰ ਸਿੰਘ, ਬੇਅੰਤ ਸਿੰਘ ਆਦਿ ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਉਚ ਅਧਿਕਾਰੀਆਂ ਦਾ ਸਨਮਾਣ ਕਰਦਿਆਂ ਕਿਹਾ ਕਿ ਸੰਚਾਈ ਵਿਭਾਗ ਦੇ ਇਸ ਉਦਮ ਸਦਕਾ ਕਿਸਾਨਾਂ ਨੂੰ 40 ਹਜਾਰ ਰੁਪਏ ਪ੍ਰਤੀ ਏਕੜ ਦਾ ਲਾਭ ਮਿਲੇਗਾ।
ਉਨ੍ਹਾਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਸਰਕਾਰਾਂ ਦੇ ਅਧਿਕਾਰੀ ਇਸ ਤਰ੍ਹਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਂਦੇ ਹਨ ਤਾਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ।
ਉਨ੍ਹਾਂ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਅੰਦਰ ਕਿਰਸਾਨੀ ਦੀ ਮਜਬੂਤੀ ਲਈ ਹਲਕਾ ਵਿਧਾਇਕ ਵੱਲੋਂ 50 ਕਰੌੜ ਰੁਪਏ ਦੀ ਲਾਗਤ ਨਾਲ ਜਮੀਨ ਦੋਜ ਪਾਇਪਾਂ ਰਾਹੀਂ ਹਰੇਕ ਕਿਸਾਨ ਦੇ ਖੇਤ ਤੱਕ ਪਾਣੀ ਪਹੁੰਚਾ ਕੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ।
