ਸਾਮਾਨ ਦੀ ਬਰਾਮਦਗੀ
ਸੰਗਰੂਰ :-ਸੀਨੀਅਰ ਕਪਤਾਨ ਪੁਲਸ ਸਰਤਾਜ ਸਿੰਘ ਚਾਹਲ ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲਾ ਸੰਗਰੂਰ ਦੇ ਪਿੰਡ ਸਤੋਜ ਵਿਖੇ ਮਿਤੀ 12.02.2025 ਨੂੰ ਖਾਲਿਸਤਾਨ ਪੱਖੀ ਨਾਅਰੇ ਲਿਖ ਕੇ ਕਾਫੀ ਸੰਵੇਦਨਸ਼ੀਲ ਅਤੇ ਆਮ ਲੋਕਾਂ ’ਚ ਸਹਿਮ ਪੈਦਾ ਕਰਨ ਵਾਲੀ ਵਾਰਦਾਤ ਨੂੰ ਟਰੇਸ ਕਰ ਕੇ 6 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਧਰਮਗੜ੍ਹ ਵਿਖੇ ਮੁਖਬਰ ਖਾਸ ਦੀ ਇਤਲਾਹ ’ਤੇ ਮੁਕੱਦਮਾ ਦਰਜ ਹੋਇਆ ਕਿ ਪਿੰਡ ਸਤੋਜ ਵਿਖੇ ਖਾਲਿਸਤਾਨ ਬਾਰੇ ਅਤੇ ਹੋਰ ਨਾਅਰੇ ਲਿਖੇ ਹੋਏ ਹਨ ਅਤੇ ਇਕ ਕੇਸਰੀ ਰੰਗ ਦਾ ਝੰਡਾ, ਜਿਸ ’ ਤੇ ਖਾਲਿਸਤਾਨ ਲਿਖਿਆ ਹੋਇਆ ਹੈ ਲੱਗਿਆ ਹੋਇਆ ਹੈ।
ਇਸ ਸਬੰਧੀ ਗੁਰਪਤਵੰਤ ਸਿੰਘ ਪੰਨੂ ਜਿਸ ਨੇ ਐੱਸ.ਐੱਫ.ਜੇ. ਨਾਂ ਦਾ ਇਕ ਸੰਗਠਨ ਬਣਾਇਆ ਹੋਇਆ ਹੈ, ਜੋ ਭਾਰਤ ਸਰਕਾਰ ਵੱਲੋਂ ਗੈਰ-ਕਾਨੂੰਨੀ ਐਲਾਨਿਆ ਗਿਆ ਹੈ, ਦੇ ਵੱਲੋਂ ਸੋਸਲ ਮੀਡੀਆ ’ਤੇ ਇਕ ਵੀਡੀਓ ਵੀ ਵਾਇਰਲ ਕੀਤੀ ਗਈ ਸੀ।
ਇਸ ਦੌਰਾਨ ਪਲਵਿੰਦਰ ਸਿੰਘ ਚੀਮਾ, ਕਪਤਾਨ ਪੁਲਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਮੁਕੱਦਮਾ ਟਰੇਸ ਕਰ ਕੇ 6 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਕ ਕਖਿਤ ਦੋਸ਼ੀ ਗੁਰਪਤਵੰਤ ਸਿੰਘ ਪੰਨੂ ਦੀ ਗ੍ਰਿਫਤਾਰੀ ਬਾਕੀ ਹੈ।
ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਜਗਰਾਜ ਸਿੰਘ ਵਾਸੀ ਬੀਰੋਕੇ ਕਲਾਂ ਜ਼ਿਲਾ ਮਾਨਸਾ, ਗੁਰਮੀਤ ਸਿੰਘ ਵਾਸੀ ਬੀਰੋਕੇ ਕਲਾਂ ਜ਼ਿਲਾ ਮਾਨਸਾ, ਅੰਮ੍ਰਿਤਪਾਲ ਸਿੰਘ ਵਾਸੀ ਦੂਲੇਵਾਲ ਜ਼ਿਲਾ ਬਠਿੰਡਾ, ਬਲਜਿੰਦਰ ਸਿੰਘ ਵਾਸੀ ਦੂਲੇਵਾਲ ਜ਼ਿਲਾ ਬਠਿੰਡਾ, ਬਲਜੀਤ ਸਿੰਘ ਵਾਸੀ ਚਾਉਂਕੇ ਜ਼ਿਲਾ ਬਠਿੰਡਾ, ਅੰਤਰਵੀਰ ਸਿੰਘ ਵਾਸੀ ਚਾਉਕੇ ਜ਼ਿਲਾ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਐੱਸ. ਐੱਸ. ਪੀ. ਚਾਹਲ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਵਰਤਿਆ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ, ਵਰਤੇ ਗਏ ਮੋਬਾਈਲ ਫੋਨ, ਪੇਟ ਸਪਰੇ ਕੇਨ ਜਿੰਨਾ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਕੇਸਰੀ ਰੰਗ ਦਾ ਝੰਡਾ ਜਿਸ ’ਤੇ ਐੱਸ.ਐੱਫ.ਜੇ. ਲਿਖਿਆ ਹੋਇਆ ਆਦਿ ਬਰਾਮਦ ਕਰਵਾਇਆ ਗਿਆ ਹੈ।
