ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਮਗਰੋਂ 19 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ ਜਥਾ

ਅੰਮ੍ਰਿਤਸਰ :- ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1942 ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾਈ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਦਫਤਰ ਤੋਂ ਰਵਾਨਗੀ ਕਰਨ ਸਮੇਂ ਜਥੇ ਦੀ ਅਗਵਾਈ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਜੰਗ ਬਹਾਦਰ ਸਿੰਘ, ਡਿਪਟੀ ਲੀਡਰ ਮੈਂਬਰ ਬੀਬੀ ਜੋਗਿੰਦਰ ਕੌਰ ਬਠਿੰਡਾ, ਅੰਤ੍ਰਿੰਗ ਮੈਂਬਰ ਰਵਿੰਦਰ ਸਿੰਘ ਖ਼ਾਲਸਾ, ਮੈਂਬਰ ਬੀਬੀ ਜਸਪਾਲ ਕੌਰ, ਰਾਮਪਾਲ ਸਿੰਘ ਬਹਿਣੀਵਾਲ, ਮੀਤ ਸਕੱਤਰ ਗੁਰਚਰਨ ਸਿੰਘ ਕੋਹਾਲਾ, ਮੈਨੇਜਰ ਸਤਨਾਮ ਸਿੰਘ ਰਿਆੜ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਓ. ਐੱਸ. ਡੀ. ਸਤਬੀਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਤੇ ਹੋਰ ਅਧਿਕਾਰੀਆਂ ਨੇ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਦਿੱਤਾ।
ਜਥਾ ਰਵਾਨਾ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਜਥਾ ਪਾਕਿਸਤਾਨ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਸਬੰਧੀ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਕਰੇਗਾ। ਇਹ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨਅਬਦਾਲ, ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ, ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਦੇ ਦਰਸ਼ਨ ਕਰਕੇ 19 ਅਪ੍ਰੈਲ ਨੂੰ ਇਹ ਜਥਾ ਵਾਪਸ ਭਾਰਤ ਪਰਤੇਗਾ।
ਜਥੇ ਦੀ ਰਵਾਨਗੀ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਓ. ਐੱਸ. ਡੀ. ਸਤਬੀਰ ਸਿੰਘ ਧਾਮੀ, ਬਿਜੈ ਸਿੰਘ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਗੁਰਨਾਮ ਸਿੰਘ, ਬਲਵਿੰਦਰ ਸਿੰਘ ਖੈਰਾਬਾਦ ਸਮੇਤ ਵੱੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਦਾ ਸਟਾਫ਼ ਅਤੇ ਜਥੇ ਵਿਚ ਜਾਣ ਵਾਲੇ ਯਾਤਰੂ ਮੌਜੂਦ ਸਨ।

