– ਡੱਲੇਵਾਲ ਦੀ ਅਪੀਲ ’ਤੇ ਇਕ ਲੱਖ ਤੋਂ ਜ਼ਿਅਦਾ ਕਿਸਾਨ ਪੁੱਜੇ, 10 ਕਿਲੋਮੀਟਰ ਤੋਂ ਜ਼ਿਆਦਾ ਪੰਜਾਬ ਵਾਲੀ ਸਾਈਡ ਰਿਹਾ ਜਾਮ
10 ਨੂੰ ਦੇਸ਼ ਭਰ ਵਿਚ ਮੋਦੀ ਦੇ ਪੁਤਲੇ ਫੂਕਣ ਦਾ ਐਲਾਨ
ਖਨੌਰੀ : ਐੱਮ. ਐੱਸ. ਪੀ. ਸਣੇ ਆਪਣੀ 12 ਮੰਗਾਂ ਮਨਵਾਉਣ ਲਈ ਅੱਜ ਕਿਸਾਂਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਕੀਤਾ। ਖਨੌਰੀ ਬਾਰਡਰ ਵਿਚ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਅਪੀਲ ’ਤੇ ਅੱਜ ਇਕ ਲੱਖ ਤੋਂ ਜ਼ਿਆਦਾ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਦਰਵਾਜ਼ਾ ਖੜਕਾਇਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕਰਦੇ ਹੋਏ ਤੁਰੰਤ ਆਪਣੀ ਮੰਗਾਂ ਮਨਵਾਉਣ ਦੀ ਮੰਗ ਕੀਤੀ।
ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਟੋਹਾਣਾ ਵਿਚ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦੀ ਇਕ ਵੱਡੀ ਮਹਾਪੰਚਾਇਤ ਦਾ ਆਯੋਜਨ ਕਰ ਕੇ ਮੋਦੀ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਗਈ ਕਿ ਉਹ ਖੇਤੀ ਦੇ ਰਾਸ਼ਟਰੀ ਪ੍ਰਾਰੂਪ ਦੇ ਮਸੋਦੇ ਨੂੰ ਤੁਰੰਤ ਵਾਪਸ ਲੈਣ ਅਤੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਸ਼ੁਰੂ ਕਰਨ।
ਖਨੌਰੀ ਵਿਚ ਤਾਂ ਇਕ ਲੱਖ ਤੋਂ ਜ਼ਿਆਦਾ ਕਿਸਾਨਾਂ ਦੇ ਪੁੱਜਣ ਨਾਲ ਪੰਜਾਬ ਵਾਲੀ ਸਾਈਡ 10 ਕਿਲੋਮੀਟਰ ਲੰਬੇ ਜਾਮ ਲੱਗ ਗਏ। ਇਥੋ ਤੱਕ ਕਿ ਮੋਬਾਈਲ ਟਾਵਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਲੋਕਾਂ ਦੇ ਫੋਨ ਜਾਮ ਹੋ ਗਏ। ਰੈਲੀ ਖਤਮ ਹੋਣ ਤੱਕ ਕਿਸਾਨ ਖਨੌਰੀ ਬਾਰਡਰ ’ਤੇ ਪੁੱਜਦੇ ਰਹੇ ਅਤੇ ਮੋਦੀ ਸਰਕਾਰ ਦਾ ਪਿਟ ਸਿਆਪਾ ਕਰਦੇ ਰਹੇ।

ਦੂਸਰੇ ਪਾਸੇ ਹਰਿਆਣਾ ਪੁਲਸ ਨੇ ਨਰਵਾਨਾ, ਉਝਾਨਾ, ਪਿਪਲਥਾ, ਧਨੌਰੀ ਵਿਚ ਨਾਕੇ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜੋ ਕਿਸਾਨਾਂ ਦੇ ਜੋਸ਼ ਅਤੇ ਵੱਡੀ ਗਿਣਤੀ ਕਾਰਨ ਫੇਲ ਹੋ ਗਏ। ਹਰਿਆਣਾ ਸਰਕਾਰ ਨੇ ਆਪਣੇ ਜੀਂਦ ਜ਼ਿਲੇ ਵਿਚ ਬੀ. ਐੱਨ. ਐੱਸ. ਦੀ ਧਾਰਾ 163 ਲਾਗੂ ਕੀਤੀ ਹੋਈ ਸੀ ਅਤੇ ਅਰਧ ਸੈਨਿਕ ਬਲਾਂ ਦੀ 21 ਕੰਪਨੀਆਂ ਤਾਇਨਾਤ ਕੀਤੀਆਂ ਸੀ, ਫਿਰ ਵੀ ਲੱਖਾਂ ਕਿਸਾਨ ਖਨੌਰੀ ਬਾਰਡਰ ’ਤੇ ਪੁੱਜੇ।
ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ, ਜਿਨ੍ਹਾਂ ਦਾ ਮਰਨ ਵਰਤ ਦਾ 40ਵਾਂ ਦਿਨ ਹੈ, ਨੂੰ ਐਂਬੂਲੈਂਸ ਰਾਹੀਂ ਮਹਾ ਪੰਚਾਇਤ ਤਕ ਲਿਆਂਦਾ ਗਿਆ ਅਤੇ ਫਿਰ ਸਟ੍ਰੈਚਰ ’ਤੇ ਪਾ ਕੇ ਸਟੇਜ ’ਤੇ ਲੈ ਕੇ ਜਾਇਆ ਗਿਆ। ਇਸ ਮੌਕੇ ਡਾਕਟਰਾਂ ਦੀ ਪੂਰੀ ਟੀਮ ਮੌਜੂਦ ਰਹੀ।
ਇਸ ਮਹਾ ਪੰਚਾਇਤ ਨੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਜ ਖਨੌਰੀ ਬਾਰਡਰ ’ਤੇ ਕਿਸਾਨ ਮਹਾ ਪੰਚਾਇਤ ਵਿਚ ਜੁੜੇ ਲੱਖਾਂ ਕਿਸਾਨਾਂ ਨੇ ਇਹ ਦਸ ਦਿੱਤਾ ਕਿ ਦੇਸ਼ ਦਾ ਕਿਸਾਨ ਜਾਗ ਉਠਿਆ ਹੈ। ਮੈਂ ਕੁਝ ਨਹੀਂ ਕਰ ਰਿਹਾ ਹਾਂ, ਸਭ ਪ੍ਰਮਾਤਮਾ, ਕੁਦਰਤ ਅਤੇ ਵਾਹਿਗੁਰੂ ਕਰਵਾ ਰਹੇ ਹਨ, ਉਨ੍ਹਾਂ ਕਿਹਾ ਕਿ ਮੈਂ ਸਰਕਾਰ ਦੀ ਗਲਤ ਨੀਤੀਆਂ ਦੇ ਸਾਹਮਣੇ ਝੁਕਨ ਦੀ ਬਜਾਏ ਸੜਕ ’ਤੇ ਲੜਦੇ ਹੋਏ ਆਪਣੀ ਸ਼ਹਾਦਤ ਦੇਣਾ ਪਸੰਦ ਕਰਾਂਗਾ।
ਉਨ੍ਹਾ ਕਿਹਾ ਕਿ ਮੈਂ ਉਨ੍ਹਾਂ 7 ਲੱਖ ਕਿਸਾਨਾਂ ਨੂੰ ਭੁਲ ਨਹੀਂ ਪਾਉਂਦਾ ਹਾਂ, ਜਿਨ੍ਹਾਂ ਨੇ ਸਕਰਾਰ ਦੀ ਗਲਤ ਨੀਤੀਆਂ ਦੇ ਕਾਰਨ ਆਤਮ ਹਤਿਆ ਕਰ ਲਈ, ਉਨ੍ਹਾਂ ਦੇ ਅਨਾਥ ਬੱਚਿਆਂ ਦੇ ਬਾਰੇ ਵਿਚ ਸੋਚ ਕੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਕੁਰਬਾਨੀ ਨਾਲ ਲੱਖਾਂ ਕਿਸਾਨਾਂ ਦੀ ਆਤਮ ਹਤਿਆ ਰੁਕਦੀ ਹੈ ਤਾਂ ਮੈਨੂੰ ਆਪਣੀ ਕੁਰਬਾਨੀ ਦੇਣਾ ਮਨਜ਼ੂਰ ਹੈ।
ਕਿਸਾਨ ਨੇਤਾਵਾਂ ਨੇ ਕਿਹਾ ਕਿ 10 ਜਨਵਰੀ ਨੂੰ ਦੇਸ਼ ਭਰ ਵਿਚ ਪਿੰਡ ਪੱਧਰ ’ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਅੱਜ ਦੀ ਮਹਾ ਪੰਚਾਇਤ ਵਿਚ ਮੁੱਖ ਤੌਰ ’ਤੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋਝੰਡੇ, ਸਰਵਨ ਸਿੰਘ ਪੰਧੇਰ, ਦਿਲਬਾਗ ਹਰੀਗੜ੍ਹ, ਸੁਰਜੀਤ ਫੂਲ, ਅਮਰਜੀਤ ਮੋਹੜੀ, ਇੰਦਰਜੀਤ ਸਿੰਘ ਕੋਟਬੁਡਾ, ਲਖਵਿੰਦਰ ਸਿੰਘ ਔਲਖ, ਅਭਿਮਨਯੂ ਕੋਹਾੜ, ਗੁਰਦਾਸ ਸਿੰਘ, ਰਾਜਿੰਦਰ ਚਹਿਲ, ਬਲਦੇਵ ਸਿੰਘ ਸਿਰਸਾ ਆਦਿ ਨੇ ਸੰਬੋਧਨ ਕੀਤਾ।
