ਲੜਕੀਆਂ ਦੇ ਸਕੂਲ ’ਚ ਪਹਿਲੇ ਪੀਰੀਅਡ ਫਰੈਂਡਲੀ ਟੋਆਇਲਟ ਦੀ ਸ਼ੁਰੁੂਆਤ
ਆਟੋਮੈਟਿਕ ਸੈਨੀਟਰੀ ਨੈਪਕਿਨ ਵੈਂਡਿੰਗ ਤੇ ਇੰਸਿਨੇਰੇਟਰ ਮਸ਼ੀਨ ਸੌਂਪੀ
ਸੰਗਰੂਰ – : ਕੌਮਾਂਤਰੀ ਮਹਿਲਾ ਦਿਵਸ ਮੌਕੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਹੋਰ ਅਹਿਮ ਉਪਰਾਲਾ ਕਰਦਿਆਂ ਸਰਕਾਰੀ ਹਾਈ ਸਕੂਲ ਖੇੜੀ ਵਿਖੇ ਪਹਿਲੇ ਪੀਰੀਅਡ ਫਰੈਂਡਲੀ ਟੋਆਇਲਟ ਦੀ ਸ਼ੁਰੂਆਤ ਕਰਦੇ ਹੋਏ ਆਟੋਮੈਟਿਕ ਸੈਨੀਟਰੀ ਨੈਪਕਿਨ ਵੈਂਡਿੰਗ ਤੇ ਇੰਸਿਨੇਰੇਟਰ ਮਸ਼ੀਨ ਸੌਗਾਤ ਵਜੋਂ ਦਿੱਤੀ ਗਈ ਹੈ। ਮਸ਼ੀਨ ਸੌਂਪਣ ਮੌਕੇ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਪਤਨੀ ਡਾ. ਕਮਲਦੀਪ ਸ਼ਰਮਾ, ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਦੀ ਪਤਨੀ ਕੁਦਰਤ ਚਾਹਲ, ਸਹਾਇਕ ਕਮਿਸ਼ਨਰ (ਜਨਰਲ) ਉਪਿੰਦਰਜੀਤ ਕੌਰ ਬਰਾੜ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤਰਵਿੰਦਰ ਕੌਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਇਸ ਮੌਕੇ ਡਾ. ਕਮਲਦੀਪ ਸ਼ਰਮਾ ਨੇ ਕਿਹਾ ਕਿ ਇਸ ਮਸ਼ੀਨ ਦੀ ਵਰਤੋਂ ਨਾਲ ਸਕੂਲੀ ਵਿਦਿਆਰਥਣਾਂ ਅਤੇ ਪਿੰਡ ਦੀਆਂ ਮਹਿਲਾਵਾਂ ਨੂੰ ਮਾਸਿਕ ਧਰਮ ਸਮੇਂ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਆਤਮ-ਵਿਸ਼ਵਾਸ ਤੇ ਮਾਣ ਨਾਲ ਜਿਉਣ ਦਾ ਮੌਕਾ ਮਿਲੇਗਾ ਅਤੇ ਉਹ ਨਿੱਜੀ ਸਫ਼ਾਈ ਦੇ ਮਹੱਤਵ ਨੂੰ ਸਮਝਣਗੀਆਂ।
ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮੁੱਖ ਮਕਸਦ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ ਦੌਰਾਨ ਸਿਹਤ ਸੰਭਾਲ ਅਤੇ ਸੁਰੱਖਿਅਤ ਉਤਪਾਦ ਵਰਤਣ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮਹਿਲਾਵਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ ਅਤੇ ਭਵਿੱਖ ਵਿੱਚ ਵੀ ਸਕੂਲੀ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਆਈ. ਡੀ. ਬੀ. ਆਈ. ਬੈਂਕ ਵੱਲੋਂ ਸੀ. ਐੱਸ. ਆਰ. ਤਹਿਤ ਉਪਲਬੱਧ ਕਰਵਾਈ ਗਈ ਹੈ।
