ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਬਰੈਂਪਟਨ, 10 ਦਸੰਬਰ – ਕੈਨੇਡਾ ਤੋਂ ਨਿੱਤ-ਦਿਨ ਮਾੜੀਆਂ ਖਬਰਾਂ ਆ ਰਹੀਆਂ ਹਨ। ਹੁਣ ਬਰੈਂਪਟਨ ਵਿੱਚ ਦੋ ਕਾਰ ਸਵਾਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਚਾਰ ਦਿਨ ਪਹਿਲਾਂ ਵਾਪਰੀ ।

ਦਰਅਸਲ ਚਾਰ ਦਿਨ ਪਹਿਲਾਂ ਬਰੈਂਪਟਨ ਵਿੱਚ ਘਰ ਅੱਗੋਂ ਬਰਫ ਹਟਾਉਣ ਮੌਕੇ ਮਾਰੇ ਗਏ ਨੌਜਵਾਨ ਦੀ ਪਛਾਣ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਮਰਨ ਵਾਲਾ ਪੰਜਾਬੀ ਮੂਲ ਦਾ 26 ਸਾਲਾਂ ਦਾ ਪ੍ਰਿਤਪਾਲ ਸਿੰਘ ਸੀ, ਜਿਸ ਨੇ ਥੋੜ੍ਹੇ ਦਿਨ ਪਹਿਲਾਂ ਉਹ ਘਰ ਕਿਰਾਏ ’ਤੇ ਲਿਆ ਸੀ। ਉਸ ਤੋਂ ਪਹਿਲਾਂ ਉਹ ਘਰ ਇੱਕ ਸਾਲ ਵਿਕਰੀ ’ਤੇ ਲੱਗਾ ਹੋਣ ਕਾਰਨ ਖਾਲੀ ਰਿਹਾ, ਪਰ ਗਾਹਕ ਨਾ ਮਿਲਣ ਕਰਕੇ ਮਾਲਕ ਨੇ ਘਰ ਕਿਰਾਏ ’ਤੇ ਚਾੜ੍ਹ ਦਿੱਤਾ ਸੀ।

ਪੁਲਿਸ ਦੇ ਬੁਲਾਰੇ ਰਿਚਰਡ ਚਿਨ ਨੇ ਦੱਸਿਆ ਕਿ ਕੰਕੌਰਡ ਡਰਾਈਵ ’ਤੇ ਓਡੀਅਨ ਸਟਰੀਟ ਸਥਿਤ ਘਰ ’ਚ ਰਹਿੰਦਾ ਪ੍ਰਿਤਪਾਲ ਤੇ ਉਸ ਦਾ ਸਾਥੀ ਰਾਤ 11 ਵਜੇ ਘਰ ਦੇ ਅਗਿਓ ਬਰਫ ਹਟਾ ਰਹੇ ਸਨ ਤਾਂ ਕਾਰ ’ਚ ਆਏ ਦੋ ਜਣਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਪ੍ਰਿਤਪਾਲ ਨੂੰ ਕਈ ਗੋਲੀਆਂ ਲੱਗਣ ਕਰ ਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੂੰ ਆਪਣੇ ਬਚਾਅ ਲਈ ਭੱਜਦੇ ਹੋਏ ਗੋਲੀ ਵੱਜੀ।

ਪੀਲ ਪੁਲਿਸ ਦੇ ਸਾਰਜੈਂਟ ਜੈਨੀਫਰ ਟ੍ਰਿੰਬਲ ਦਾ ਮੰਨਣਾ ਹੈ ਕਿ ਇਸ ਕਤਲ ਤੋਂ ਥੋੜ੍ਹੀ ਦੂਰ ਤੇ ਕੁਝ ਮਿੰਟ ਬਾਅਦ ਕੈਲੇਡਨ ਵਿੱਚ ਹੋਈ ਫਾਇਰਿੰਗ ਉਸੇ ਫਿਰੌਤੀ ਗਿਰੋਹ ਦੀ ਕਰਤੂਤ ਹੋ ਸਕਦੀ ਹੈ, ਕਿਉਂਕਿ ਜਿਸ ਕੈਲੇਡਨ ਵਾਲੇ ਘਰ ’ਤੇ ਫਾਇਰਿੰਗ ਹੋਈ, ਉਹ ਵੀ ਉਸੇ ਵਿਅਕਤੀ ਦੀ ਮਾਲਕੀ ਵਾਲਾ ਹੈ, ਜਿੱਥੇ ਗੋਲੀਆਂ ਚਲਾ ਕੇ ਪ੍ਰਿਤਪਾਲ ਦੀ ਹੱਤਿਆ ਕੀਤੀ ਗਈ।

ਫਾਇਰਿੰਗ ਦੀ ਇਹ ਘਟਨਾ ਸਾਹਮਣੇ ਘਰ ਦੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵਾਇਰਲ ਹੋਈ ਵੀਡੀਓ ਵਿੱਚ ਗੋਲੀਬਾਰੀ ਹੁੰਦਿਆਂ ਹੀ ਦੋ ਜਣਿਆਂ ਨੂੰ ਅੰਦਰ ਵੱਲ ਭੱਜਦੇ ਵੇਖਿਆ ਜਾ ਸਕਦਾ ਹੈ, ਪਰ ਇੱਕ ਜਣਾ ਗੋਲੀ ਲੱਗਣ ਕਾਰਨ ਮੌਕੇ ’ਤੇ ਡਿੱਗ ਜਾਂਦਾ ਹੈ, ਜਦਕਿ ਦੂਜੇ ਨੂੰ ਇੱਕ ਗੋਲੀ ਲੱਗਣ ਦੇ ਬਾਵਜੂਦ ਉਸ ਦੀ ਜਾਨ ਬਚ ਗਈ ਹੈ।

Leave a Reply

Your email address will not be published. Required fields are marked *