ਤਲਵੰਡੀ ਸਾਬੋ :- ਅਮਰੀਕਾ ’ਚੋਂ ਲਗਾਤਾਰ ਡਿਪੋਰਟ ਕਰਕੇ ਭੇਜੇ ਜਾ ਰਹੇ ਨੌਜਵਾਨਾਂ ਦੇ ਹੱਕ ’ਚ ਆਉਂਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਹਟਾਏ ਗਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ’ਤੇ ਉਤਾਰੇ ਨੌਜਵਾਨਾਂ ਨੂੰ ਗਲਵਕੜੀ ’ਚ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਇਕ ਕੇਂਦਰੀ ਮੰਤਰੀ ਪੁੱਜੇ, ਜੋ ਚੰਗੀ ਗੱਲ ਹੈ ਪਰ ਕੇਵਲ ਹਮਦਰਦੀ ਦਿਖਾਉਣਾ ਹੀ ਕਾਫੀ ਨਹੀਂ ਸਗੋਂ ਸਰਕਾਰਾਂ ਨੂੰ ਇਨ੍ਹਾਂ ਨੌਜਵਾਨਾਂ ਦੇ ਮੁੜ ਵਸੇਬੇ ਲਈ ਯਤਨ ਆਰੰਭਣੇ ਚਾਹੀਦੇ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡਿਪੋਰਟ ਪ੍ਰਕਿਰਿਆ ਰਾਹੀਂ ਵਾਪਸ ਪੁੱਜੇ ਨੌਜਵਾਨਾਂ ’ਚੋਂ ਜ਼ਿਆਦਾਤਰ ਕਰਜ਼ਾ ਚੁੱਕ ਕੇ ਜਾਂ ਜ਼ਮੀਨਾਂ ਵੇਚ ਕੇ ਗਏ ਸਨ ਅਤੇ ਹੁਣ ਵਾਪਸ ਪਰਤਣ ਉਪਰੰਤ ਉਨ੍ਹਾਂ ’ਤੇ ਘਰ ਦਾ ਗੁਜ਼ਾਰਾ ਚਲਾਉਣ ਦੇ ਨਾਲ-ਨਾਲ ਕਰਜ਼ਾ ਉਤਾਰਨ ਦਾ ਵੀ ਦਬਾਅ ਹੋਵੇਗਾ ਅਤੇ ਅਜਿਹੇ ਵਿਚ ਕਈ ਵਾਰ ਇਨਸਾਨ ਦੇ ਕਦਮ ਗਲਤ ਰਸਤੇ ਵੱਲ ਚੱਲ ਪੈਂਦੇ ਹਨ ਅਤੇ ਅਜਿਹੀ ਸਥਿਤੀ ਪਰਿਵਾਰਾਂ ਲਈ ਹੀ ਨਹੀਂ ਸਗੋਂ ਸੂਬੇ ਲਈ ਮਾੜੀ ਹੋ ਸਕਦੀ ਹੈ। ਇਸ ਕਰਕੇ ਅੱਜ ਸਭ ਤੋਂ ਵੱਧ ਲੋੜ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਬਾਂਹ ਫੜੇ ਅਤੇ ਜਿਨ੍ਹਾਂ ਕਰ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਹੋਈਆਂ ਉਨ੍ਹਾਂ ਖਿਲਾਫ ਵੀ ਕਾਰਵਾਈ ਕਰੇ।
ਉਨ੍ਹਾਂ ਨੇ ਗੱਲਬਾਤ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਸ ਬਿਆਨ ਨਾਲ ਸਹਿਮਤੀ ਪ੍ਰਗਟਾਈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਡਿਪੋਰਟ ਸੈਂਟਰ ’ਚ ਨਾ ਬਦਲਿਆ ਜਾਵੇ। ਉਨ੍ਹਾਂ ਨੇ ਕੇਂਦਰ ਅਤੇ ਭਾਜਪਾ ਆਗੂਆਂ ਦੇ ਉਸ ਤਰਕ ਨੂੰ ਵੀ ਖਾਰਿਜ਼ ਕਰ ਦਿੱਤਾ, ਜਿਸ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅਮਰੀਕਾ ਤੋਂ ਨੇੜੇ ਹੋਣ ਦਾ ਹਵਾਲਾ ਦੇ ਕੇ ਉੱਥੇ ਜਹਾਜ਼ ਉਤਾਰਨ ਨੂੰ ਸਹੀ ਦੱਸਿਆ ਜਾ ਰਿਹਾ।ਸਿੰਘ ਸਾਹਿਬ ਨੇ ਕਿਹਾ ਕਿ ਜੇਕਰ ਸੱਚਮੁੱਚ ਸ੍ਰੀ ਅੰਮ੍ਰਿਤਸਰ ਸਾਹਿਬ ਅਮਰੀਕਾ ਤੋਂ ਨੇੜੇ ਪੈਂਦਾ ਹੈ ਤਾਂ ਮੁੱਖ ਮੰਤਰੀ ਦੀ ਮੰਗ ਮੁਤਾਬਕ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਮਰੀਕਾ ਤੇ ਕੈਨੇਡਾ ਆਦਿ ਮੁਲਕਾਂ ਲਈ ਕੌਮਾਂਤਰੀ ਉਡਾਨਾਂ ਨੂੰ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ।
