ਜਲੰਧਰ :- ਦਿਹਾਤੀ ਮਜ਼ਦੂਰ ਸਭਾ ਸੂਬਾ ਕਾਰਜ ਕਾਰਨੀ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਜਲੰਧਰ ਦਫ਼ਤਰ ਵਿਖੇ ਹੋਈ। ਜਥੇਬੰਦੀ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਸਾਲ 2025-26 ਵਿਚ ਪੇਸ਼ ਕੀਤੇ ਗਏ ਬਜਟ ਵਿਚ ਬੇਜ਼ਮੀਨੇ, ਸਾਧਨਹੀਣ ਕਿਰਤੀਆਂ, ਕਿਸਾਨਾਂ, ਮਨਰੇਗਾ ਮਜ਼ਦੂਰਾਂ ਨੂੰ ਨਿਰਾਸ਼ ਕਰਨ ਵਾਲਾ ਬਜਟ ਪੇਸ਼ ਕੀਤਾ ਗਿਆ। ਮਹਿੰਗਾਈ, ਬੇਰੁਜ਼ਗਾਰੀ, ਸਿੱਖਿਆ ਤੇ ਸਿਹਤ ਸੇਵਾਵਾਂ ਵੱਲ ਬਹੁਤ ਹੀ ਘੱਟ ਧਿਆਨ ਦਿੱਤਾ ਗਿਆ। ਅਸਲ ਵਿਚ ਇਹ ਬਜਟ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਭਰਨ ਵਾਲਾ ਹੈ।
ਸੂਬਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੀ ਹਾਲਤ ਬਦ ਤੋ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਨੇ ਲੁੱਟਾਂ-ਖੋਹਾਂ, ਕੁੱਟਮਾਰ, ਨਸ਼ਾ ਸਮੱਗਲਰਾਂ ਅਤੇ ਵੱਧ ਰਹੀਆਂ ਵਾਰਦਾਤਾਂ ਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਿਰ ਕੀਤੀ।
ਨੂਰਪੁਰੀ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਬੇਰੁਜ਼ਗਾਰੀ-ਮਹਿੰਗਾਈ, ਕੰਗਾਲੀ-ਭੁੱਖਮਰੀ ਅਤੇ ਗਰੀਬੀ ਅਮੀਰੀ ਦੇ ਪਾੜੇ ਲਈ ਜ਼ਿੰਮੇਵਾਰ ਪੂੰਜੀਵਾਦੀ ਢਾਂਚੇ ਤੋਂ ਮੁਕਤੀ ਹਾਸਲ ਕਰਨ ਲਈ, ਬਦਲਵੀਆਂ ਲੋਕ ਪੱਖੀ ਨੀਤੀਆਂ ਵਾਲਾ ਹਕੀਕੀ ਰਾਜਸੀ ਬਦਲ ਉਸਾਰਨ ਦੇ ਸੰਗਰਾਮ ਤੇਜ਼ ਕਰਨ ਲਈ, ਸੂਬਾ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ, ਫਜ਼ੂਲ ਖਰਚੀਆਂ, ਵਾਅਦਾ ਖਿਲਾਫ਼ੀਆਂ, ਪ੍ਰਸ਼ਾਸ਼ਨਿਕ ਨਾਅਹਿਲੀਅਤ, ਜ਼ਾਬਰ ਪਹੁੰਚ ਅਤੇ ਮਾਫ਼ੀਆ ਨਾਲ ਗੰਢਤੁੱਪ ਖ਼ਿਲਾਫ਼, ਆਰ. ਐਸ. ਐਸ., ਭਾਜਪਾ ਤੇ ਹੋਰ ਹਰ ਰੰਗ ਦੀਆਂ ਫਿਰਕੂ ਜਾਤੀਵਾਦੀ ਤਾਕਤਾਂ ਵੱਲੋਂ ਪ੍ਰਗਤੀਸ਼ੀਲ ਵਿਚਾਰਾਂ ਤੇ ਵਿਗਿਆਨਕ ਸੋਚ ਖ਼ਿਲਾਫ਼ ਵਿੱਢੇ ਹਮਲੇ ਵਿਰੁੱਧ ਤੇ ਹੋਰ ਮਸਲਿਆਂ ਨਾਲ ਸਬੰਧਤ ਜਲੰਧਰ ਵਿਖੇ 25 ਫਰਵਰੀ 2025 ਨੂੰ ਕੀਤੀ ਜਾ ਰਹੀ ਵਿਸ਼ਾਲ ਜਨਤਕ ਰੈਲੀ ਵਿਚ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ ਕੀਤੀ।
